ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਤਾਂ ਗੁੰਮਸ਼ੁਦਾ ਮ੍ਰਿਤਕ ਦੇਹਾਂ ਦੇ ਹੱਕਾਂ ਦੇ ਲਈ ਹੀ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੱਤੀ ਸੀ ਅਤੇ ਹੁਣ ਉਹਨਾਂ ਨੂੰ ਬਣਦਾ ਮਾਨ ਸਨਮਾਨ ਨੂੰ ਦੇਣਾ ਵੀ ਜ਼ਰੂਰੀ ਹੈ। ਜਸਵੰਤ ਸਿੰਘ ਖਾਲੜਾ ਜੀ ਤੇ ਬਣੀ ਫਿਲਮ ‘ਤੇ ਰੋਕ ਲਗਾਉਣ ਵਾਲੇ ਮੁਲਕ ਭਾਰਤ ਤੋਂ ਲੱਖਾਂ ਕੋਹਾਂ ਦੂਰ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਨੇ ਇਹ ਕਰ ਦਿਖਾਇਆ ਹੈ। ਉਹ ਮਾਨ ਸਨਮਾਨ ਦਿੱਤਾ ਜੋ ਆਉਂਦੀਆਂ ਪੀੜੀਆਂ ਤੱਕ ਯਾਦ ਰਹੇਗਾ ਅਤੇ ਦੁਨੀਆਂ ਭਰ ਦੇ ਲੋਕਾਂ ਨੂੰ ਸਿੱਖਿਅਤ ਵੀ ਕਰੇਗਾ।
ਦਰਅਸਲ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਤੋਂ ਸਿੱਖ ਭਾਈਚਾਰੇ ਲਈ ਬੇਹੱਦ ਮਾਣ ਵਾਲੀ ਖਬਰ ਸਾਹਮਣੇ ਆ ਰਹੀ ਹੈ। ਮਨੁੱਖੀ ਅਧਿਕਾਰਾਂ ਦੇ ਕਾਰਕੁਨ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਨਾਂ ‘ਤੇ ਬਣਿਆ ਸੂਕਲ ਅਗਲੇ ਹਫਤੇ ਤੋਂ ਖੁੱਲਣ ਜਾ ਰਿਹਾ ਹੈ. 26 ਜੂਨ 2025 ਨੂੰ ਕੈਲੀਫੋਰਨੀਆ ਦੇ ਫਰੈਂਸਕੋ ਵਿਖੇ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਦਾ ਉਦਘਾਟਨ ਹੋਵੇਗਾ।
ਸਿੱਖ ਭਾਈਚਾਰੇ ਵੱਲੋਂ 2018 ਤੋਂ ਹੀ ਇਹ ਮੰਗ ਕੀਤੀ ਜਾ ਰਹੀ ਸੀ, ਜਿਸਨੂੰ ਹੁਣ ਬੂਰ ਪਿਆ ਹੈ। ਜਸਵੰਤ ਸਿੰਘ ਖਾਲੜਾ ਐਲਿਮੈਂਟਰੀ ਸਕੂਲ, Central Unified School District ਦਾ 15ਵਾਂ ਐਲਿਮੈਂਟਰੀ ਸਕੂਲ ਹੋਵੇਗਾ। ਇਸ ਵਿੱਚ ਪ੍ਰੀ-ਸਕੂਲ ਤੋਂ ਛੇਵੀਂ ਕਲਾਸ ਤੱਕ ਦੇ 600 ਤੋਂ ਵੱਧ ਵਿਦਿਆਰਥੀ ਪੜ੍ਹ ਸਕਣਗੇ। ਇਸ ਸਕੂਲ ਵਿੱਚ ਪੰਜਾਬੀ ਅਤੇ ਦੱਖਣੀ ਏਸ਼ੀਅਨ ਵਿਦਿਆਰਥੀਆਂ ਦੀ ਸੰਭਾਵਿਤ ਗਿਣਤੀ ਲਗਭਗ 9% ਹੋਣ ਦੀ ਉਮੀਦ ਹੈ. ਜਿਕਰੇਖਾਸ ਹੈ ਕਿ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਧੀ ਨਵਕਿਰਨ ਕੌਰ ਖਾਲੜਾ ਵੀ Fresno State University ਦੀ ਵਿਦਿਆਰਥੀ ਰਹੀ ਹੈ ਅਤੇ ਉਹਨਾਂ ਦਾ ਸਹੁਰਾ ਪਰਿਵਾਰ ਵੀ ਕੈਲੀਫੋਰਨੀਆ ਦੀ ਸੈਂਟ੍ਰਲ ਵੈਲੀ ਤੋਂ ਹੈ।
ਲਗਭਗ ਹਰ ਸਿੱਖ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਨਾਂ ਤੋਂ ਜਾਣੂ ਹੈ. ਉਹਨਾਂ ਨੇ 1984 ਤੋਂ ਬਾਅਦ ਪੰਜਾਬ ‘ਚ ਗਾਇਬ ਕੀਤੇ ਗਏ ਹਜ਼ਾਰਾਂ ਨੌਜਵਾਨਾਂ ਦੀਆਂ ਗੁਪਤ ਮੌਤਾਂ ਨੂੰ ਜੱਗ ਜਾਹਰ ਕੀਤਾ ਸੀ। ਭਾਈ ਖਾਲੜਾ ਜੀ ਗੁਮਸ਼ੁਦਾ ਮ੍ਰਿਤਕ ਦੇਹਾਂ ਦੀ ਆਵਾਜ਼ ਬਣੇ ਪਰ ਵਿਰੋਧੀਆਂ ਨੇ ਉਹਨਾਂ ਦੀ ਆਵਾਜ਼ ਦਬਾਉਣ ਲਈ ਭਾਈ ਖਾਲੜਾ ਨੂੰ ਹੀ ਗੁੰਮਸ਼ੁਦਾ ਮ੍ਰਿਤਕ ਦੇਹ ਬਣਾ ਛੱਡਿਆ ਪਰ ਹੁਣ ਐਨੇ ਦਹਾਕਿਆਂ ਬਾਅਦ ਉਨ੍ਹਾਂ ਦੇ ਨਾਂ ‘ਤੇ ਬਣੇ ਇਸ ਸਕੂਲ ਵਿੱਚ ਮੁੜ ਉਹਨਾਂ ਦੀ ਆਵਾਜ਼ ਗੂੰਜੇਗੀ।
ਜ਼ਿਕਰਯੋਗ ਹੈ ਕਿ ਇਸੇ ਸਮੇਂ ਜਦੋਂ ਅਮਰੀਕਾ ਵਿੱਚ ਜਸਵੰਤ ਸਿੰਘ ਖਾਲੜਾ ਜੀ ਦੇ ਨਾਂ ਦਾ ਇਹ ਸਕੂਲ ਖੁਲ ਰਿਹਾ ਹੈ ਤਾਂ ਭਾਰਤ ਵਿੱਚ ਭਾਈ ਖਾਲੜਾ ਜੀ ਦੀ ਜ਼ਿੰਦਗੀ ‘ਤੇ ਬਣੀ ਫਿਲਮ ਪੰਜਾਬ 95 ਦੀ ਰਿਲੀਜ਼ ‘ਤੇ ਹਜੇ ਵੀ ਰੋਕ ਲੱਗੀ ਹੋਈ ਹੈ। ਵਿਦੇਸ਼ ਵਿੱਚ ਭਾਈ ਖਾਲੜਾ ਜੀ ਦੇ ਨਾਂ ‘ਤੇ ਸਕੂਲ ਖੋਲਣ ਦਾ ਉਪਰਾਲਾ ਸਿਰਫ਼ ਸਿੱਖ ਭਾਈਚਾਰੇ ਲਈ ਨਹੀਂ, ਸਗੋਂ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੀ ਹਰ ਇੱਕ ਆਵਾਜ਼ ਦੇ ਲਈ ਪ੍ਰੇਰਨਾ ਦਾ ਸਰੋਤ ਹੈ।