ਕਾਂਗਰਸ ਸੰਸਦੀ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਅੰਗਰੇਜ਼ੀ ਅਖ਼ਬਾਰ ‘ਦ ਹਿੰਦੂ’ ਵਿੱਚ ਈਰਾਨ-ਇਜ਼ਰਾਈਲ ਟਕਰਾਅ ਦਾ ਹਵਾਲਾ ਦਿੰਦੇ ਹੋਏ ਇੱਕ ਲੇਖ ਲਿਖਿਆ ਹੈ।
ਇਸ ਲੇਖ ਵਿੱਚ ਸੋਨੀਆ ਗਾਂਧੀ ਨੇ ਲਿਖਿਆ ਹੈ, “ਈਰਾਨ ਲੰਬੇ ਸਮੇਂ ਤੋਂ ਭਾਰਤ ਦਾ ਕਰੀਬੀ ਦੋਸਤ ਰਿਹਾ ਹੈ ਅਤੇ ਸਾਡੇ ਸਬੰਧ ਇਤਿਹਾਸਕ ਅਤੇ ਸੱਭਿਆਚਾਰਕ ਤੌਰ ‘ਤੇ ਡੂੰਘੇ ਜੁੜੇ ਹੋਏ ਹਨ। ਈਰਾਨ ਨੇ ਕਈ ਮਹੱਤਵਪੂਰਨ ਮੌਕਿਆਂ ‘ਤੇ ਭਾਰਤ ਦਾ ਸਮਰਥਨ ਕੀਤਾ ਹੈ, ਖਾਸ ਕਰਕੇ ਜੰਮੂ-ਕਸ਼ਮੀਰ ਵਰਗੇ ਸੰਵੇਦਨਸ਼ੀਲ ਮੁੱਦਿਆਂ ‘ਤੇ।”
ਇਸ ਪੋਸਟ ਵਿੱਚ, ਉਸਨੇ 1994 ਦੇ ਸਾਲ ਦਾ ਜ਼ਿਕਰ ਕੀਤਾ ਹੈ, ਜਦੋਂ ਈਰਾਨ ਨੇ ਕਸ਼ਮੀਰ ਬਾਰੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਵਿੱਚ ਭਾਰਤ ਵਿਰੁੱਧ ਲਿਆਂਦੇ ਗਏ ਮਤੇ ਨੂੰ ਰੋਕਣ ਵਿੱਚ ਮਦਦ ਕੀਤੀ ਸੀ।
ਸੋਨੀਆ ਗਾਂਧੀ ਨੇ ਆਪਣੇ ਲੇਖ ਵਿੱਚ ਲਿਖਿਆ ਹੈ, “ਇਸ ਦੇ ਨਾਲ ਹੀ, ਪਿਛਲੇ ਕੁਝ ਸਾਲਾਂ ਵਿੱਚ, ਭਾਰਤ ਅਤੇ ਇਜ਼ਰਾਈਲ ਵਿਚਕਾਰ ਮਜ਼ਬੂਤ ਰਣਨੀਤਕ ਸਬੰਧ ਵੀ ਬਣੇ ਹਨ। ਇਹ ਵਿਲੱਖਣ ਸਥਿਤੀ ਸਾਡੇ ਦੇਸ਼ ਨੂੰ ਤਣਾਅ ਘਟਾਉਣ ਅਤੇ ਸ਼ਾਂਤੀ ਸਥਾਪਤ ਕਰਨ ਲਈ ਇੱਕ ਪੁਲ ਵਜੋਂ ਕੰਮ ਕਰਨ ਦੀ ਨੈਤਿਕ ਜ਼ਿੰਮੇਵਾਰੀ ਅਤੇ ਕੂਟਨੀਤਕ ਯੋਗਤਾ ਦਿੰਦੀ ਹੈ।”
ਆਪਣੇ ਲੇਖ ਵਿੱਚ ਲਿਖਿਆ ਹੈ ਕਿ ਇਜ਼ਰਾਈਲ ਦੇ ਈਰਾਨ ‘ਤੇ ਹਮਲੇ ਪੱਛਮੀ ਦੇਸ਼ਾਂ ਦੇ ਸਮਰਥਨ ਨਾਲ ਮਜ਼ਬੂਤ ਹੋਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਨੇ 7 ਅਕਤੂਬਰ 2023 ਨੂੰ ਹਮਾਸ ਵੱਲੋਂ ਇਜ਼ਰਾਈਲੀ ਨਾਗਰਿਕਾਂ ‘ਤੇ ਕੀਤੇ ਗਏ ਹਮਲਿਆਂ ਦੀ ਸਖ਼ਤ ਆਲੋਚਨਾ ਕੀਤੀ ਸੀ।
ਉਨ੍ਹਾਂ ਲਿਖਿਆ, “ਇਸ ਗੰਭੀਰ ਮਨੁੱਖੀ ਸੰਕਟ ਦੌਰਾਨ, ਨਰਿੰਦਰ ਮੋਦੀ ਸਰਕਾਰ ਨੇ ਭਾਰਤ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਅਤੇ ਸਪੱਸ਼ਟ ਨੀਤੀ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਹੈ, ਜੋ ਹਮੇਸ਼ਾ ਇਹ ਰਹੀ ਹੈ ਕਿ ਇਜ਼ਰਾਈਲ ਅਤੇ ਫਲਸਤੀਨ ਨੂੰ ਦੋ ਵੱਖ-ਵੱਖ ਸੁਤੰਤਰ ਦੇਸ਼ਾਂ ਵਜੋਂ ਸ਼ਾਂਤੀ ਅਤੇ ਸਤਿਕਾਰ ਨਾਲ ਇੱਕ ਦੂਜੇ ਨਾਲ ਰਹਿਣਾ ਚਾਹੀਦਾ ਹੈ।”