ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਪੰਜਾਬ ਨੂੰ ਪਾਣੀ ਨਾ ਦੇਣ ਬਿਆਨ ਨੇ ਪੰਜਾਬ ਚ ਸਿਆਸੀ ਮਾਹੌਲ ਗਰਮਾ ਦਿੱਤਾ ਹੈ। ਅਕਾਲੀ ਦਲ ਦੇ ਸੀਨੀਅਰ ਲੀਡਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਮਰ ਅਬਦੁੱਲਾ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਹੀਦੇ । ਖਾਸ ਕਰਕੇ ਉਨ੍ਹਾਂ ਤੋਂ ਪੰਜਾਬ ਖਿਲਾਫ ਅਜਿਹੇ ਬਿਆਨਾਂ ਦੀ ਕੋਈ ਉਮੀਦ ਵੀ ਨਹੀਂ ਕੀਤੀ ਜਾ ਸਕਦੀ।
ਚੀਮਾ ਨੇ ਕਿਹਾ ਕਿ ਪਾਣੀ ਦੀ ਵੰਡ ਸਮੇਂ ਪਹਿਲਾਂ ਹੀ ਪੰਜਾਬ ਨਾਲ ਧੱਕਾ ਹੋਇਆ ਹੈ। ਗੈਰ ਰਿਪੇਰਿਅਨ ਸੂਬੇ ਵੀ ਪੰਜਾਬ ਦਾ ਹੱਕ ਖੋ ਰਹੇ ਹਨ। ਪਰ ਜਦੋਂ ਹੁਣ ਸਿੰਧੂ ਜਲ ਸੰਧੀ ਮੁਅੱਤਲ ਹੋਈ ਹੈ ਤਾਂ ਅਸੀਂ ਉਮੀਦ ਕਰਦੇ ਹਾਂ ਕਿ ਹੁਣ ਸਾਡੇ ਨਾਲ ਇਨਸਾਫ ਹੋਵੇਗਾ। ਚੀਮਾ ਨੇ ਕਿਹਾ ਕਿ ਜੇਕਰ ਇਕ ਸੂਬਾ ਕਹੇ ਕਿ ਸਾਰਾ ਪਾਣੀ ਸਾਡਾ ਹੈ ਤਾਂ ਇਹ ਸਹੀ ਨਹੀਂ ਹੈ।
ਚੀਮਾ ਨੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਯਾਦ ਕਰਵਾਇਆ ਕਿ ਜਦੋਂ ਪਾਕਿਸਤਾਨ ਨਾਲ ਪਿਛਲੇ ਮਹਿਨੇ ਤਣਾਅ ਵਧਿਆ ਸੀ ਤਾਂ ਜੰਗ ਦਾ ਮੈਦਾਨ ਪੰਜਾਬ ਹੀ ਬਣਿਆ ਸੀ। ਉਨ੍ਹਾਂ ਕਿਹਾ ਕਿ ਹਮੇਸ਼ਾ ਜੰਗ ਦੌਰਾਨ ਨੁਕਸਾਨ ਪੰਜਾਬ ਦਾ ਹੀ ਹੋਇਆ ਹੈ। ਇਸ ਕਰਕੇ ਉਮਰ ਅਬਦੁੱਲਾ ਨੂੰ ਅਜਿਹੀਆਂ ਗੱਲ਼ਾਂ ਨਹੀਂ ਕਰਨੀਆਂ ਚਾਹੀਦੀਆਂ
ਓਧਰ ਚਨਾਬ ਦਰੀਆ ਤੇ ਨਹਿਰ ਰਾਂਹੀ ਪਾਣੀ ਪੰਜਾਬ ਭੇਜੇ ਜਾਣ ਦੇ ਸਵਾਲ ਤੇ ਉਮਰ ਅਬਦੁੱਲ਼ਾ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਬਿਲਕੁਲ ਪਾਣੀ ਨਹੀਂ ਦੇਵਾਂਗੇ। ਜਦੋਂ ਸਾਨੂੰ ਲੋੜ ਸੀ ਤਾਂ ਪੰਜਾਬ ਨੇ ਸਾਨੂੰ ਸ਼ਾਹਪੁਰਕੰਡੀ ਤੋਂ ਪਾਣੀ ਨਹੀਂ ਦਿੱਤਾ ਸੀ। ਅਸੀਂ ਪੰਜਾਬ ਨੂੰ ਪਾਣੀ ਭੇਜਣ ਦੀ ਬਿਲਕੁਲ਼ ਇਜਾਜ਼ਤ ਨਹੀਂ ਦੇਵਾਂਗੇ।