ਅੰਮ੍ਰਿਤਸਰ : ਪੰਜਾਬ ਪੁਲਿਸ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਦੋਸ਼ੀ ਰਮਨਦੀਪ ਸਿੰਘ ਨੂੰ ਪਟਿਆਲਾ ਤੋਂ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਨੂੰ ਅੰਮ੍ਰਿਤਸਰ ਲਿਆਂਦਾ ਜਾ ਰਿਹਾ ਹੈ ਅਤੇ ਦੁਪਹਿਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਦੀਪਿਕਾ ਨੂੰ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਧਮਕੀ ਮਿਲੀ ਸੀ, ਜਿਸ ਤੋਂ ਬਾਅਦ ਉਸ ਨੇ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਸੁਰੱਖਿਆ ਲਈ ਉਸ ਦੇ ਘਰ ਦੇ ਬਾਹਰ ਕਰਮਚਾਰੀ ਤਾਇਨਾਤ ਕੀਤੇ ਅਤੇ ਪੁਲਿਸ ਕਮਿਸ਼ਨਰੇਟ ਨੇ ਦੋ ਬੰਦੂਕਧਾਰੀ ਵੀ ਮੁਹੱਈਆ ਕਰਵਾਏ। ਸੂਚਨਾ ਮਿਲਣ ’ਤੇ ਪੁਲਿਸ ਨੇ ਸੋਮਵਾਰ ਰਾਤ ਨੂੰ ਪਟਿਆਲਾ ਤੋਂ ਰਮਨਦੀਪ ਨੂੰ ਹਿਰਾਸਤ ਵਿੱਚ ਲਿਆ। ਦੀਪਿਕਾ ਨੇ ਇਸ ਘਟਨਾ ਤੋਂ ਬਾਅਦ ਆਪਣਾ ਸੋਸ਼ਲ ਮੀਡੀਆ ਅਕਾਊਂਟ ਬੰਦ ਕਰ ਦਿੱਤਾ ਹੈ ਅਤੇ ਇਸ ਸਬੰਧੀ ਕੋਈ ਜਵਾਬ ਨਹੀਂ ਦਿੱਤਾ।
ਦਰਅਸਲ, ਅੰਮ੍ਰਿਤਪਾਲ ਮੇਹਰੋਂ ਨੇ ਦੋਹਰੇ ਅਰਥਾਂ ਵਾਲੀ ਸਮੱਗਰੀ ਕਾਰਨ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ ਦੇ ਨਾਲ ਹੀ, ਬੱਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਉਸਨੂੰ ਇੱਕ ਧਮਕੀ ਭਰਿਆ ਈਮੇਲ ਵੀ ਭੇਜਿਆ ਗਿਆ ਹੈ। ਦੀਪਿਕਾ ਦੀ ਸ਼ਿਕਾਇਤ ‘ਤੇ, ਪੁਲਿਸ ਨੇ ਸਾਈਬਰ ਸੈੱਲ ਪੁਲਿਸ ਸਟੇਸ਼ਨ ਵਿੱਚ ਅੰਮ੍ਰਿਤਪਾਲ ਮੇਹਰੋਂ ਵਿਰੁੱਧ ਕੇਸ ਦਰਜ ਕੀਤਾ ਹੈ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ, ਅੰਮ੍ਰਿਤਪਾਲ ਸਿੰਘ ਮੇਹਰੋਂ ਨੇ ਕਮਲ ਕੌਰ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਹੋਏ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਜਾਰੀ ਕੀਤਾ ਸੀ। ਉਸੇ ਵੀਡੀਓ ਵਿੱਚ, ਉਸਨੇ ਦੀਪਿਕਾ ਲੂਥਰਾ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸਨੇ ਵੀਡੀਓ ਬਣਾਉਣਾ ਬੰਦ ਨਾ ਕੀਤਾ, ਤਾਂ ਉਸਦੀ ਹਾਲਤ ਵੀ ਕਮਲ ਕੌਰ ਵਰਗੀ ਹੋਵੇਗੀ, ਅਤੇ ਇਸ ਵਾਰ “ਲਾਸ਼ ਵੀ ਨਹੀਂ ਮਿਲੇਗੀ।”