ਪਹਿਲਗਾਮ ਘਟਨਾ ਦੇ ਚਲਦਿਆਂ ਹੁਣ ਅਮਰਨਾਥ ਯਾਤਰਾ ਲਈ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਜੰਮੂ-ਕਸ਼ਮੀਰ ਸਰਕਾਰ ਨੇ ਪੂਰੇ ਯਾਤਰਾ ਰੂਟ ਨੂੰ ‘ਨੋ ਫਲਾਈਂਗ ਜ਼ੋਨ’ ਐਲਾਨ ਦਿੱਤਾ ਹੈ। ਇਸ ਦੇ ਤਹਿਤ ਅਮਰਨਾਥ ਯਾਤਰਾ ਦੇ ਪਹਿਲਗਾਮ ਅਤੇ ਬਾਲਟਾਲ ਦੋਵਾਂ ਰੂਟਾਂ ‘ਤੇ ਹਰ ਤਰ੍ਹਾਂ ਦੇ ਹਵਾਈ ਉਪਕਰਣ – ਡਰੋਨ, ਯੂਏਵੀ ਅਤੇ ਗੁਬਾਰੇ ‘ਤੇ ਪਾਬੰਦੀ ਹੋਵੇਗੀ।
ਇਹ ਫੈਸਲਾ 1 ਜੁਲਾਈ ਤੋਂ 10 ਅਗਸਤ ਤੱਕ ਲਾਗੂ ਰਹੇਗਾ ਜਦਕਿ ਯਾਤਰਾ 3 ਜੁਲਾਈ ਤੋਂ 9 ਅਗਸਤ ਤੱਕ ਚੱਲੇਗੀ। ਹਾਲਾਂਕਿ ਇਹ ਪਾਬੰਦੀਆਂ ਸੁਰੱਖਿਆ ਬਲਾਂ ਦੁਆਰਾ ਚਲਾਈਆਂ ਜਾਣ ਵਾਲੀਆਂ ਮੈਡੀਕਲ ਨਿਕਾਸੀ, ਆਫ਼ਤ ਪ੍ਰਬੰਧਨ ਅਤੇ ਨਿਗਰਾਨੀ ਉਡਾਣਾਂ ‘ਤੇ ਲਾਗੂ ਨਹੀਂ ਹੋਣਗੀਆਂ। ਇਨ੍ਹਾਂ ਲਈ ਜਲਦੀ ਹੀ ਇੱਕ ਵੱਖਰੀ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ ਜਾਰੀ ਕੀਤੀ ਜਾਵੇਗੀ।
ਇਸ ਤੋਂ ਇਲਾਵਾ, ਅਮਰਨਾਥ ਯਾਤਰਾ ਦੇ ਹਰ ਰੂਟ ‘ਤੇ ਹਜ਼ਾਰਾਂ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਸ਼ਰਧਾਲੂਆਂ ਦੀ ਸੁਰੱਖਿਆ ਲਈ ਸੁਰੱਖਿਆ ਬਲ ਤਾਇਨਾਤ ਕੀਤੇ ਜਾ ਰਹੇ ਹਨ। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਅੱਤਵਾਦ ‘ਤੇ ਪੂਰੀ ਤਰ੍ਹਾਂ ਸ਼ਿਕੰਜਾ ਕੱਸਣ ਲਈ ਇਹ ਸਾਰੇ ਵੱਡੇ ਬਦਲਾਅ ਕੀਤੇ ਜਾ ਰਹੇ ਹਨ।