ਪਾਕਿਸਤਾਨੀ ਯੂਟਿਊਬਰ ਨਾਸਿਰ ਢਿੱਲੋਂ ਨੇ ਰੋਪੜ, ਪੰਜਾਬ ਦੇ ਯੂਟਿਊਬਰ ਜਸਬੀਰ ਸਿੰਘ ਦੇ ਸਮਰਥਨ ਵਿੱਚ ਵੀਡੀਓ ਸੋਸ਼ਲ ਮੀਡੀਆ ਪ ‘ਤੇ ਅਪਲੋਡ ਕੀਤਾ ਹੈ, ਜਿਸ ਨੂੰ ਪਾਕਿਸਤਾਨ ਲਈ ਜਾਸੂਸੀ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਨਾਸਿਰ, ਜੋ ਪਹਿਲਾਂ ਪਾਕਿਸਤਾਨੀ ਪੁਲਿਸ ਦਾ ਸਬ-ਇੰਸਪੈਕਟਰ ਸੀ ਅਤੇ ਹੁਣ ਯੂਟਿਊਬਰ ਹੈ, ਨੇ ਜਸਬੀਰ ਨੂੰ ਬੇਕਸੂਰ ਦੱਸਿਆ ਹੈ।
ਨਾਸਿਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ x ਫੇਸਬੁੱਕ ‘ਤੇ 30 ਮਿੰਟ ਦਾ ਵੀਡੀਓ ਅਪਲੋਡ ਕੀਤਾ ਹੈ। ਇਸ ਵਿੱਚ ਉਸਨੇ ਆਪਣੇ ਆਪ ਨਾਲ ਸਬੰਧਤ ਕਈ ਸਪੱਸ਼ਟੀਕਰਨ ਦਿੱਤੇ ਹਨ।
ਉਸ ਨੇ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਉਸ ਨੇ ਜਸਬੀਰ ਅਤੇ ਹਰਿਆਣਾ ਦੀ ਯੂਟਿਊਬਰ ਜੋਤੀ ਮਲਹੋਤਰਾ ਨੂੰ ਪਾਕਿਸਤਾਨ ਵਿੱਚ ਆਈਐਸਆਈ ਅਧਿਕਾਰੀਆਂ ਨਾਲ ਮਿਲਵਾਇਆ। ਨਾਸਿਰ ਨੇ ਸਪੱਸ਼ਟ ਕੀਤਾ ਕਿ ਜਦੋਂ ਜਸਬੀਰ ਪਾਕਿਸਤਾਨ ਆਇਆ ਸੀ, ਉਹ ਫਿਲਮ ਦੀ ਸ਼ੂਟਿੰਗ ਵਿੱਚ ਵਿਅਸਤ ਸੀ ਅਤੇ ਉਸ ਨਾਲ ਨਹੀਂ ਮਿਲ ਸਕਿਆ। ਹਾਲਾਂਕਿ, ਉਸ ਨੇ ਮੰਨਿਆ ਕਿ ਉਸ ਦੀ ਜਸਬੀਰ ਨਾਲ ਵਟਸਐਪ ‘ਤੇ ਗੱਲਬਾਤ ਹੁੰਦੀ ਸੀ ਅਤੇ ਉਸ ਨੇ ਜੋਤੀ ਨਾਲ ਇੱਕ ਔਨਲਾਈਨ ਪੋਡਕਾਸਟ ਕੀਤਾ ਸੀ।
ਮੈਂ ਕਿਸੇ ਨੂੰ ਪਾਕਿਸਤਾਨੀ ਅਧਿਕਾਰੀਆਂ ਨਾਲ ਨਹੀਂ ਮਿਲਾਇਆ
ਨਾਸਿਰ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਸ ਨੇ ਕਿਸੇ ਨੂੰ ਪਾਕਿਸਤਾਨੀ ਫੌਜੀ ਅਧਿਕਾਰੀਆਂ ਨਾਲ ਨਹੀਂ ਮਿਲਵਾਇਆ ਅਤੇ ਇਹ ਦਾਅਵਾ ਕਿ ਜੋਤੀ ਅਤੇ ਜਸਬੀਰ ਉਸ ਨਾਲ 10 ਦਿਨ ਰਹੇ, ਪੂਰੀ ਤਰ੍ਹਾਂ ਝੂਠਾ ਹੈ। ਉਸ ਨੇ ਚੁਣੌਤੀ ਦਿੱਤੀ ਕਿ ਜੇਕਰ ਕੋਈ ਵੀਡੀਓ, ਫੋਟੋ ਜਾਂ ਸਬੂਤ ਹੈ, ਤਾਂ ਉਸ ਨੂੰ ਪੇਸ਼ ਕੀਤਾ ਜਾਵੇ।
ਤੁਸੀਂ ਮੇਰੇ ਦੋਵੇਂ ਫ਼ੋਨ ਚੈੱਕ ਕਰ ਸਕਦੇ ਹੋ
ਨਾਸਿਰ ਨੇ ਇਹ ਵੀ ਕਿਹਾ ਕਿ ਉਹ ਇਸ ਸਮੇਂ ਯੂਏਈ ਵਿੱਚ ਹੈ ਅਤੇ ਜਲਦੀ ਹੀ ਬਹਿਰੀਨ ਜਾ ਰਿਹਾ ਹੈ। ਉਸ ਨੇ ਸਰਕਾਰੀ ਅਧਿਕਾਰੀਆਂ ਨੂੰ ਆਪਣੇ ਦੋ ਮੋਬਾਈਲ ਫੋਨਾਂ ਦੀ ਜਾਂਚ ਕਰਨ ਦੀ ਪੇਸ਼ਕਸ਼ ਕੀਤੀ, ਜਿਨ੍ਹਾਂ ਵਿੱਚ ਉਸ ਦਾ ਦਾਅਵਾ ਹੈ ਕਿ ਕੋਈ ਸੰਵੇਦਨਸ਼ੀਲ ਜਾਣਕਾਰੀ ਨਹੀਂ ਹੈ। ਮਜ਼ਾਕ ਵਿੱਚ, ਉਸ ਨੇ ਕਿਹਾ ਕਿ ਜੇਕਰ ਜਾਸੂਸੀ ਦਾ ਮਾਮਲਾ ਸਹੀ ਹੈ, ਤਾਂ ਉਸ ਨੂੰ ਵੀਜ਼ਾ ਦੇ ਕੇ ਜੇਲ੍ਹ ਵਿੱਚ ਭੇਜਿਆ ਜਾਵੇ।
ਪੰਜਾਬ ਪੁਲਿਸ ਨੇ ਜਸਬੀਰ ਸਿੰਘ ਨੂੰ 4 ਜੂਨ, 2025 ਨੂੰ ਮੋਹਾਲੀ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਨੇ ਗ੍ਰਿਫਤਾਰ ਕੀਤਾ ਸੀ, ਜਿਸ ਦੇ ਫੋਨ ਵਿੱਚ 150 ਪਾਕਿਸਤਾਨੀ ਨੰਬਰ ਮਿਲੇ। ਪੁਲਿਸ ਦਾ ਦਾਅਵਾ ਹੈ ਕਿ ਜਸਬੀਰ ਨੇ ਪਾਕਿਸਤਾਨ ਦੀ ਆਈਐਸਆਈ ਨੂੰ ਸੰਵੇਦਨਸ਼ੀਲ ਜਾਣਕਾਰੀ ਦਿੱਤੀ ਅਤੇ ਉਸ ਦੀ ਜੋਤੀ ਮਲਹੋਤਰਾ ਨਾਲ ਵੀ ਨੇੜਤਾ ਸੀ, ਜਿਸ ਨੂੰ ਮਈ 2025 ਵਿੱਚ ਜਾਸੂਸੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਜਸਬੀਰ ਨੇ ਪੁਲਿਸ ਨੂੰ ਦੱਸਿਆ ਕਿ ਨਾਸਿਰ ਢਿੱਲੋਂ ਨੇ ਉਸ ਨੂੰ ਲਾਹੌਰ ਵਿੱਚ ਆਈਐਸਆਈ ਅਧਿਕਾਰੀਆਂ ਨਾਲ ਮਿਲਵਾਇਆ ਸੀ, ਪਰ ਨਾਸਿਰ ਨੇ ਇਸ ਦਾ ਖੰਡਨ ਕੀਤਾ। ਨਾਸਿਰ ਦਾ ਯੂਟਿਊਬ ਚੈਨਲ “ਪੰਜਾਬੀ ਲਹਿਰ” ਪਰਵਾਸੀ ਪਰਿਵਾਰਾਂ ਨੂੰ ਜੋੜਨ ਦੇ ਨਾਂ ‘ਤੇ ਜਾਣਿਆ ਜਾਂਦਾ ਹੈ, ਪਰ ਪੁਲਿਸ ਨੂੰ ਸ਼ੱਕ ਹੈ ਕਿ ਇਹ ਜਾਸੂਸੀ ਦਾ ਇੱਕ ਮੋਰਚਾ ਹੋ ਸਕਦਾ ਹੈ।