ਹਰਿਆਣਾ ਦੇ ਕੈਥਲ ਦੇ ਵਸਨੀਕ ਦਲਵਿੰਦਰ ਸਿੰਘ ਨੂੰ ਅਬੂ ਧਾਬੀ ਵਿੱਚ ਉਸ ਦੀ ਕਿਰਪਾਨ ਕਾਰਨ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਪੱਗ ਉਤਾਰਨ ਲਈ ਮਜਬੂਰ ਹੋਣ ਸਮੇਤ ਉਸ ਨੂੰ ਭਾਰੀ ਅਪਮਾਨ ਦਾ ਸਾਹਮਣਾ ਕਰਨਾ ਪਿਆ। ਘਟਨਾ ਉਦੋਂ ਸਾਹਮਣੇ ਆਈ ਜਦੋਂ ਉਸ ਦੇ ਪੁੱਤਰ ਮਨਪ੍ਰੀਤ ਸਿੰਘ ਨੇ ਭਾਰਤ ਸਰਕਾਰ ਕੋਲ ਸ਼ਿਕਾਇਤ ਦਰਜ ਕਰਵਾਈ। ਦਲਵਿੰਦਰ 21 ਅਪ੍ਰੈਲ ਨੂੰ ਟੂਰਿਸਟ ਵੀਜ਼ੇ ’ਤੇ ਗਰੁੱਪ ਟੂਰ ’ਤੇ ਅਬੂ ਧਾਬੀ ਗਿਆ ਸੀ।
ਬੋਚਾਸਨਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਮੰਦਰ ਜਾਣ ਦੌਰਾਨ ਅਬੂ ਧਾਬੀ ਪੁਲਿਸ ਨੇ ਉਸ ਦੀ ਕਿਰਪਾਨ ਬਾਰੇ ਪੁੱਛਗਿੱਛ ਕੀਤੀ। ਟੂਰ ਗਾਈਡ ਅਤੇ ਮੰਦਰ ਪ੍ਰਬੰਧਕਾਂ ਨੇ ਕਿਰਪਾਨ ਦੀ ਧਾਰਮਕ ਮਹੱਤਤਾ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਅਧਿਕਾਰੀਆਂ ਨੇ ਨਾ ਮੰਨਿਆ।
ਮਨਪ੍ਰੀਤ ਦੇ ਅਨੁਸਾਰ, ਦਲਵਿੰਦਰ ਨੂੰ 20 ਦਿਨਾਂ ਦੀ ਨਜ਼ਰਬੰਦੀ ਵਿੱਚ ਮਾਨਸਿਕ ਤਸੀਹੇ ਅਤੇ ਅਪਮਾਨ ਸਹਿਣਾ ਪਿਆ। ਸੀ.ਆਈ.ਡੀ., ਬਨਿਆਸ ਅਤੇ ਅਲ ਰਬਾ ਜੇਲ ਅਧਿਕਾਰੀਆਂ ਨੇ ਸ਼ੁਰੂ ਵਿੱਚ ਗ੍ਰਿਫਤਾਰੀ ਤੋਂ ਇਨਕਾਰ ਕੀਤਾ, ਪਰ ਬਾਅਦ ਵਿੱਚ ਪੁਲਿਸ ਨਾਲ ਬਹਿਸ ਦਾ ਦੋਸ਼ ਲਗਾਇਆ। ਦਲਵਿੰਦਰ ਨੂੰ ਅਰਬੀ ਜਾਂ ਅੰਗਰੇਜ਼ੀ ਨਹੀਂ ਆਉਂਦੀ, ਜਿਸ ਕਾਰਨ ਇਹ ਦੋਸ਼ ਬੇਬੁਨਿਆਦ ਜਾਪਦੇ ਹਨ। ਹਿਰਾਸਤ ਦੌਰਾਨ ਉਸ ਦੀ ਪੱਗ, ਕੜਾ ਅਤੇ ਕੰਘਾ ਜ਼ਬਰਦਸਤੀ ਉਤਾਰੇ ਗਏ, ਜਿਸ ਨਾਲ ਉਸ ਦਾ ਸਿਰ ਨੰਗਾ ਹੋਇਆ ਅਤੇ ਉਸ ਨੂੰ ਅਣਮਨੁੱਖੀ ਹਾਲਾਤ ਵਿੱਚ ਰੱਖਿਆ ਗਿਆ।