ਦਿੱਲੀ : ਦੇਸ਼ ਵਿਚ ਕੋਰੋਨਾ ਵਾਇਰਸ ਦੇ ਸਰਗਰਮ ਮਾਮਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਜਾਣਕਾਰੀ ਮੁਤਾਬਕ ਸਰਗਰਮ ਮਾਮਲਿਆਂ ਦੀ ਗਿਣਤੀ 4026 ਤੱਕ ਪਹੁੰਚ ਗਈ ਹੈ। ਇਨ੍ਹਾਂ ਵਿਚੋਂ 50 ਪ੍ਰਤੀਸ਼ਤ ਮਾਮਲੇ ਕੇਰਲ ਅਤੇ ਮਹਾਰਾਸ਼ਟਰ ਵਿਚ ਹਨ। ਕੇਰਲ ਵਿਚ ਸਭ ਤੋਂ ਵੱਧ 1416 ਸਰਗਰਮ ਮਾਮਲੇ ਹਨ। ਇਸ ਦੇ ਨਾਲ ਹੀ, ਮਹਾਰਾਸ਼ਟਰ ਤੋਂ 494 ਮਾਮਲੇ ਸਾਹਮਣੇ ਆਏ ਹਨ।
ਹੁਣ ਤੱਕ ਦੇਸ਼ ਭਰ ਵਿਚ 2700 ਮਰੀਜ਼ ਠੀਕ ਵੀ ਹੋਏ ਹਨ। ਹੁਣ ਤੱਕ ਕੋਰੋਨਾ ਕਾਰਨ 38 ਮੌਤਾਂ ਹੋਈਆਂ ਹਨ। ਇਨ੍ਹਾਂ ਵਿਚੋਂ ਪਿਛਲੇ 4 ਦਿਨਾਂ ਵਿਚ 31 ਦੀ ਮੌਤ ਹੋ ਗਈ ਹੈ। ਬੀਤੇ ਦਿਨ ਮਹਾਰਾਸ਼ਟਰ ਵਿਚ ਇਕ 70 ਸਾਲਾ ਬਜ਼ੁਰਗ ਅਤੇ ਇਕ 73 ਸਾਲਾ ਔਰਤ ਦੀ ਮੌਤ ਹੋ ਗਈ।
ਰਾਜ ਵਿਚ ਸਭ ਤੋਂ ਵੱਧ 10 ਮੌਤਾਂ ਹੋਈਆਂ ਹਨ। 24 ਘੰਟਿਆਂ ਵਿਚ ਕੇਰਲ, ਤਾਮਿਲਨਾਡੂ, ਪੱਛਮੀ ਬੰਗਾਲ ਅਤੇ ਗੁਜਰਾਤ ਵਿਚ 1-1 ਮੌਤ ਹੋਈ ਹੈ। ਲਗਾਤਾਰ ਵਧ ਰਹੇ ਮਾਮਲਿਆਂ ਦੇ ਵਿਚਕਾਰ, ਦਿੱਲੀ ਦੇ ਆਰ.ਐਮ.ਐਲ., ਸਫਦਰਜੰਗ ਅਤੇ ਹੋਰ ਹਸਪਤਾਲਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਹਾਲਾਂਕਿ, ਡਾਕਟਰਾਂ ਦਾ ਕਹਿਣਾ ਹੈ ਕਿ ਕੋਰੋਨਾ ਮਾਮਲਿਆਂ ਵਿਚ ਵਾਧਾ ਚਿੰਤਾ ਦਾ ਵਿਸ਼ਾ ਨਹੀਂ ਹੈ। ਕਿਸੇ ਵੀ ਮਰੀਜ਼ ਨੂੰ ਕੋਈ ਗੰਭੀਰ ਸਮੱਸਿਆ ਨਹੀਂ ਹੈ। ਸਾਰਿਆਂ ਵਿਚ ਆਮ ਲੱਛਣ ਹਨ। ਆਰ.ਐਮ.ਐਲ. ਹਸਪਤਾਲ ਵਿਚ 9 ਬਿਸਤਰਿਆਂ ਵਾਲਾ ਆਈਸੋਲੇਸ਼ਨ ਵਾਰਡ ਤਿਆਰ ਕੀਤਾ ਗਿਆ ਹੈ।