ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਵਿਰਸਾ ਸਿੰਘ ਵਲਟੋਹਾ ਆਪਣੀ ਅਰਜ਼ੀ ਲੈਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ ਹਨ। ਉਹਨਾਂ ਵੱਲੋਂ ਸ਼੍ਰੀ ਅਕਾਲ ਤਖਤ ਸਕੱਤਰੇਤ ਵਿਖੇ ਅਰਜ਼ੀ ਦਿੱਤੀ। ਜਿਸ ਵਿੱਚ ਉਹਨਾਂ ਵੱਲੋਂ ਮੰਗ ਕੀਤੀ ਕਿ 15 ਅਕਤੂਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਲਏ ਗਏ ਫੈਸਲੇ ਤੇ ਮੁੜ ਵਿਚਾਰ ਕੀਤਾ ਜਾਵੇ।
ਜਾਣਕਾਰੀ ਮੁਤਾਬਕ ਵਿਰਸਾ ਸਿੰਘ ਵਲਟੋਹਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਪੁੱਜੇ ਅਤੇ ਉਨ੍ਹਾਂ 15 ਅਕਤੂਬਰ 2024 ਨੂੰ ਪੰਜ ਸਿੰਘ ਸਾਹਿਬਾਨ ਦੁਆਰਾ ਆਦੇਸ਼ ਜਾਰੀ ਕਰਕੇ ਅਕਾਲੀ ਦਲ ਵਿਚੋਂ 10 ਸਾਲ ਲਈ ਮੈਂਬਰਸ਼ਿਪ ਖਾਰਜ ਕਰਨ ਦੇ ਆਦੇਸ਼ ’ਤੇ ਮੁੜ ਵਿਚਾਰ ਕਰਨ ਦੀ ਬੇਨਤੀ ਕੀਤੀ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਵਲਟੋਹਾ ਨੇ ਕਿਹਾ ਕਿ ਉਹ ਆਪਣੇ ਮਾਮਲੇ ਵਿਚ ਜਥੇਦਾਰ ਸਾਹਿਬ ਦੇ ਨਾਮ ਬੇਨਤੀ ਪੱਤਰ ਲੈ ਕੇ ਆਏ ਹਨ।
ਉਨ੍ਹਾਂ ਨੇ ਹਮੇਸ਼ਾ ਹੀ ਸਿੱਖੀ ਸਿਧਾਂਤਾਂ ਦੀ ਅਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕੀਤੀ ਹੈ। ਉਨ੍ਹਾਂ ਅੱਜ ਆਪਣੇ ਪੱਤਰ ਵਿਚ ਬੇਨਤੀ ਕੀਤੀ ਹੈ ਕਿ ਉਨ੍ਹਾਂ ਸੰਬੰਧੀ ਪਿਛਲੇ ਸਿੰਘ ਸਾਹਿਬਾਨ ਵਲੋਂ ਜਾਰੀ ਆਦੇਸ਼ ’ਤੇ ਮੁੜ ਵਿਚਾਰ ਕੀਤਾ ਜਾਵੇ। ਇਸ ਤੋਂ ਪਹਿਲਾਂ ਸ. ਵਲਟੋਹਾ ਨੇ ਅਕਾਲ ਤਖਤ ਸਾਹਿਬ ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਨੂੰ ਜਥੇਦਾਰ ਗੜਗੱਜ ਦੇ ਨਾਮ ਆਪਣਾ ਬੇਨਤੀ ਪੱਤਰ ਸੌਂਪਿਆ ਗਿਆ।
ਦਰਅਸਲ ਸ਼੍ਰੀ ਅਕਾਲ ਤਖਤ ਸਾਹਿਬ ਤੋ ਜਾਰੀ ਹੋਏ ਹੁਕਮਨਾਮੇ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਉਸ ਸਮੇਂ ਵਲਟੋਹਾ ਨੇ ਇਲਜ਼ਾਮ ਲਗਾਏ ਸਨ ਕਿ ਸਿੱਖਾਂ ਦੀਆਂ ਵੱਡੀਆਂ ਸੰਸਥਾਵਾਂ ਉੱਪਰ ਹਿੰਦੂ ਜੱਥੇਬੰਦੀ RSS ਦਾ ਪ੍ਰਭਾਵ ਹੈ। ਜਿਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਉਹਨਾਂ ਨੂੰ ਤਲਬ ਕੀਤਾ ਸੀ।
ਧਾਮੀ ਨੇ ਇੱਕਜੁਟ ਹੋਣ ਦੀ ਕਹੀ ਸੀ ਗੱਲ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰੀਜਿੰਦਰ ਸਿੰਘ ਧਾਮੀ ਨੇ ਕਿਹਾ ਸੀ ਕਿ ਸਿੱਖ ਸੰਪਰਦਾ ਵਿੱਚ ਤਖ਼ਤ ਸਾਹਿਬਾਨ ਦੀ ਇਤਿਹਾਸਕ ਅਤੇ ਸਿਧਾਂਤਕ ਮਹਾਨਤਾ ਅਥਾਹ ਹੈ, ਜਿਸ ਦੇ ਮੱਦੇਨਜ਼ਰ ਉਨ੍ਹਾਂ ਦੇ ਸਤਿਕਾਰ ਨੂੰ ਬਣਾਈ ਰੱਖਣਾ ਸੰਪਰਦਾ ਦੀ ਵੱਡੀ ਜ਼ਿੰਮੇਵਾਰੀ ਹੈ। ਧਾਮੀ ਨੇ ਕਿਹਾ ਕਿ ਬੁੱਧਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਲਏ ਗਏ ਫੈਸਲਿਆਂ ਤੋਂ ਬਾਅਦ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਹੁਕਮ ਨੇ ਕੌਮ ਨੂੰ ਚੰਗਾ ਸੁਨੇਹਾ ਨਹੀਂ ਦਿੱਤਾ ਹੈ।
ਧਾਮੀ ਨੇ ਕਿਹਾ ਕਿ ਸੰਪਰਦਾਇਕ ਸੰਗਠਨਾਂ ਅਤੇ ਸੰਪਰਦਾਇਕ ਮੁੱਦਿਆਂ ਨੂੰ ਗੰਭੀਰਤਾ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ। ਇਸ ਲਈ ਆਪਸੀ ਗੱਲਬਾਤ ਹੀ ਸਭ ਤੋਂ ਵਧੀਆ ਤਰੀਕਾ ਹੈ। ਸਮੁੱਚਾ ਸਿੱਖ ਭਾਈਚਾਰਾ ਭਾਈਚਾਰੇ ਦੀਆਂ ਸੰਸਥਾਵਾਂ ਅਤੇ ਤਖ਼ਤ ਸਾਹਿਬਾਨ ਤੋਂ ਪ੍ਰੇਰਨਾ ਲੈਂਦਾ ਹੈ, ਪਰ ਅਜਿਹੇ ਵਿਰੋਧੀ ਮਾਹੌਲ ਨੇ ਭਾਈਚਾਰੇ ਦੇ ਅੰਦਰ ਭੰਬਲਭੂਸਾ ਪੈਦਾ ਕਰ ਦਿੱਤਾ ਹੈ। ਮੌਜੂਦਾ ਸਮਾਂ ਸੰਪਰਦਾ ਲਈ ਬਹੁਤ ਗੰਭੀਰ ਅਤੇ ਚੁਣੌਤੀਪੂਰਨ ਹੈ, ਜਿਸ ਦੇ ਮੱਦੇਨਜ਼ਰ ਸਿੱਖ ਸੰਗਠਨਾਂ ਨੂੰ ਏਕਤਾ ਨਾਲ ਅੱਗੇ ਵਧਣਾ ਪਵੇਗਾ।