ਲੰਘੇ ਦਿਨੀਂ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਮੌਜੂਦਾ ਅਕਾਲੀ ਕੌਂਸਲਰ ਹਰਜਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤੀ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ। ਇੱਕ ਪਾਸੇ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਇਸ ਘਟਨਾ ਲਈ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਦੂਜੇ ਪਾਸੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਸ ‘ਤੇ ਰਾਜਨੀਤੀ ਨਾ ਕਰਨ ਦੀ ਸਲਾਹ ਦਿੱਤੀ ਹੈ।
ਮਜੀਠੀਆ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤਿੱਖਾ ਹਮਲਾ ਕੀਤਾ ਹੈ। ਮਜੀਠੀਆ ਨੇ ਕਿਹਾ ਕਿ ਹਰਜਿੰਦਰ ਸਿੰਘ ਨੂੰ ਪਹਿਲਾਂ ਹੀ ਧਮਕੀ ਭਰੇ ਫੋਨ ਆ ਰਹੇ ਸਨ ਅਤੇ ਉਨ੍ਹਾਂ ਦੇ ਘਰ ‘ਤੇ ਗੋਲੀਆਂ ਵੀ ਚਲਾਈਆਂ ਗਈਆਂ ਸਨ।
ਇਸ ਸਬੰਧੀ ਪੁਲਿਸ ਨੂੰ ਰਸਮੀ ਸ਼ਿਕਾਇਤ ਦਿੱਤੀ ਗਈ ਸੀ ਅਤੇ ਸੁਰੱਖਿਆ ਦੀ ਮੰਗ ਕੀਤੀ ਗਈ ਸੀ, ਪਰ ਸਿਰਫ਼ ਇਸ ਲਈ ਕਿ ਉਹ ਵਿਰੋਧੀ ਪਾਰਟੀ ਤੋਂ ਸਨ, ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਅੰਤ ਵਿੱਚ, ਉਨ੍ਹਾਂ ਨੂੰ ਖੁੱਲ੍ਹੇਆਮ ਗੋਲੀਆਂ ਮਾਰ ਦਿੱਤੀਆਂ ਗਈਆਂ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ, ਜਿੱਥੇ ਸਥਿਤੀ ਬਹੁਤ ਗੰਭੀਰ ਹੁੰਦੀ ਜਾ ਰਹੀ ਹੈ। ਖੁਫੀਆ ਦਫਤਰਾਂ ‘ਤੇ ਹਮਲੇ ਹੋ ਰਹੇ ਹਨ, ਡੇਢ ਦਰਜਨ ਦੇ ਕਰੀਬ ਬੰਬ ਧਮਾਕੇ ਹੋਏ ਹਨ ਅਤੇ ਟਾਰਗੇਟ ਕਿਲਿੰਗ ਵਰਗੀਆਂ ਘਟਨਾਵਾਂ ਹੁਣ ਆਮ ਹੋ ਗਈਆਂ ਹਨ।
ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਇਹ ਸਭ ਉਨ੍ਹਾਂ ਦੀ ਸਰਕਾਰ ਦੀ ਅਸਫਲਤਾ ਦਾ ਨਤੀਜਾ ਹੈ ਅਤੇ ਹੁਣ ਉਨ੍ਹਾਂ ਨੂੰ ਆਪਣੇ ਅਹੁਦੇ ‘ਤੇ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਉਨ੍ਹਾਂ ਮੁੱਖ ਮੰਤਰੀ ਤੋਂ ਤੁਰੰਤ ਅਸਤੀਫ਼ਾ ਮੰਗਿਆ ਹੈ।
ਮੰਤਰੀ ਧਾਲੀਵਾਲ ਦੀ ਪੰਜਾਬੀਆਂ ਨੂੰ ਸਲਾਹ, ਇਸ ‘ਤੇ ਰਾਜਨੀਤੀ ਨਾ ਕਰੋ
ਦੂਜੇ ਪਾਸੇ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਕਤਲ ‘ਤੇ ਰਾਜਨੀਤੀ ਨਾ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਇਸ ‘ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਉਹ ਇਸ ਘਟਨਾ ਦੀ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਜੋ ਲੋਕ ਪੰਜਾਬ ਵਿੱਚ ਨਸ਼ਿਆਂ ਅਤੇ ਗੈਂਗ ਵਾਰ ਦੇ ਜਨਮਦਾਤਾ ਰਹੇ ਹਨ, ਅੱਜ ਉਨ੍ਹਾਂ ਨੂੰ ਸਬਕ ਦੇ ਰਹੇ ਹਨ।
ਧਾਲੀਵਾਲ ਨੇ ਕਿਹਾ ਕਿ ਸਾਡੀ ਪੁਲਿਸ ਇੰਨੀ ਤੇਜ਼ੀ ਨਾਲ ਕੰਮ ਕਰ ਰਹੀ ਹੈ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦੀ ਪਛਾਣ ਹੋ ਗਈ ਹੈ। ਉਨ੍ਹਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ। ਹਰ ਕੋਈ ਜਾਣਦਾ ਹੈ ਕਿ ਜੰਡਿਆਲਾ ਗੁਰੂ ਵਿੱਚ ਦੋ ਧੜਿਆਂ ਵਿਚਕਾਰ ਦੁਸ਼ਮਣੀ ਹੈ। ਇਹ ਉਸੇ ਦਾ ਨਤੀਜਾ ਹੈ।
ਆਪਣੀ ਪੀੜ੍ਹੀ ਦੇ ਹੇਠਾਂ ਸੋਟੀ ਮਾਰਨ ਮਜੀਠੀਆ
ਉਨ੍ਹਾਂ ਨੇ ਕਿਹਾ ਕਿ ਮਜੀਠੀਆ ਸਾਹਿਬ, ਕੁਝ ਵੀ ਕਹਿਣ ਤੋਂ ਪਹਿਲਾਂ, ਆਪਣੀ ਪੀੜ੍ਹੀ ਦੇ ਹੇਠਾਂ ਸੋਟੀ ਮਾਰੋਨ। ਤੁਹਾਡੀ ਸਰਕਾਰ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ, ਕੀ ਤੁਸੀਂ ਸਾਨੂੰ ਸਮਝਾਓਗੇ? ਮੈਂ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਤੁਹਾਡੀ ਸਰਕਾਰ ਦੌਰਾਨ ਪੈਦਾ ਹੋਈ ਗੜਬੜ ਨੂੰ ਖਤਮ ਕਰਾਂਗੇ।
ਦੱਸ ਦਈਏ ਕਿ ਜੰਡਿਆਲਾ ਨਗਰ ਕੌਂਸਲ ਦੇ ਵਾਰਡ ਨੰਬਰ 2 ਤੋਂ ਸ਼ੇਖੂਪੁਰਾ ਦੇ ਰਹਿਣ ਵਾਲੇ ਕੌਂਸਲਰ ਹਰਜਿੰਦਰ ਸਿੰਘ ਐਤਵਾਰ ਨੂੰ ਛੇਹਰਟਾ ਇਲਾਕੇ ਵਿੱਚ ਪਹੁੰਚੇ ਸਨ। ਉਹ ਆਪਣੇ ਕੁਝ ਸਾਥੀਆਂ ਨਾਲ ਸਥਾਨਕ ਗੁਰਦੁਆਰੇ ਦੇ ਬਾਹਰ ਖੜ੍ਹੇ ਸਨ ਜਦੋਂ ਕੁਝ ਬਾਈਕ ਸਵਾਰ ਆਏ ਅਤੇ ਉਨ੍ਹਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਜਿਸ ਦੌਰਾਨ ਉਸਦੀ ਮੌਤ ਹੋ ਗਈ, ਹਾਲਾਂਕਿ ਅੰਮ੍ਰਿਤਸਰ ਪੁਲਿਸ ਨੂੰ ਤਿੰਨ ਮੁਲਜ਼ਮਾਂ ਦੀ ਪਛਾਣ ਹੋਈ ਹੈ। ਪੁਲਿਸ ਨੇ ਕ੍ਰਿਸ਼ਨਾ ਗੈਂਗ ਦੇ ਦੋ ਸ਼ੂਟਰ ਗ੍ਰਿਫਤਾਰ ਕਰ ਲਏ ਹਨ। ਮੁਲਜ਼ਮਾਂ ਕੋਲੋਂ ਦੋ ਪਿਸਤੌਲ ਤੇ ਸੱਤ ਕਾਰਤੂਸ ਬਰਾਮਦ ਹੋਏ ਹਨ। ਪੁਲਿਸ ਨੂੰ ਅਮਿਤ, ਗੋਪੀ ਤੇ ਕਰਨ ਕੀੜਾ ਦੀ ਭਾਲ ਜਾਰੀ ਹੈ। ਵਾਰਦਾਤ ’ਚ ਵਰਤੇ ਗਏ ਵਾਹਨ ਦੀ ਵੀ ਪਛਾਣ ਹੋ ਚੁੱਕੀ ਹੈ। ਦੋਨੋ ਸ਼ੂਟਰਾਂ ਤੋਂ ਪੁੱਛਗਿੱਛ ਜਾਰੀ ਹੈ।