India Punjab

ਇੰਸਟਾਗ੍ਰਾਮ ਸਟਾਰ ਸੁੱਖ ਰਤੀਆ ਬਣਿਆ ਕਾਤਲ; 5 ਲੱਖ ਰੁਪਏ ਲੈਣ ਤੋਂ ਬਾਅਦ ਔਰਤ ਦਾ ਗਲਾ ਵੱਢਿਆ

ਮਸ਼ਹੂਰ ਇੰਸਟਾਗ੍ਰਾਮ ਕੰਟੈਂਟ ਕਰੀਏਟਰ ਸੁਖਪ੍ਰੀਤ ਸਿੰਘ ਉਰਫ਼ ਸੁੱਖ ਰਤੀਆ ਨੂੰ ਕਤਲ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਸੁਖਪ੍ਰੀਤ ਸਿੰਘ ਨੇ ਆਪਣੇ ਮਾਮੇ ਦੇ ਮੁੰਡੇ ਨਾਲ ਗੁਰਪ੍ਰੀਤ ਸਿੰਘ ਨਾਲ ਮਿਲ ਕੇ ਨਵੀਂ ਮੁੰਬਈ ਵਿੱਚ ਸੁਪਾਰੀ ਲੈ ਕੇ ਇੱਕ ਔਰਤ ਦੀ ਹੱਤਿਆ ਨੂੰ ਅੰਜਾਮ ਦਿੱਤਾ ਹੈ। ਸੁੱਖ ਰਤੀਆ ਦੇ ਇੰਸਟਾਗ੍ਰਾਮ ‘ਤੇ 525 ਹਜ਼ਾਰ ਤੋਂ ਵੱਧ ਫਾਲੋਅਰਜ਼ ਹਨ।

ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਰਹਿਣ ਵਾਲੇ ਇਨ੍ਹਾਂ ਦੋਵਾਂ ਭਰਾਵਾਂ ਨੇ 18 ਮਈ ਨੂੰ ਇੱਕ ਔਰਤ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਸੀ। ਦੋਵੇਂ ਕਤਲ ਕਰਨ ਵਾਲੇ ਭਰਾਵਾਂ ਨੂੰ ਨੋਇਡਾ ਐਸਟੀਐਫ ਨੇ ਸੂਰਜਪੁਰ ਇਲਾਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਖ਼ਿਲਾਫ਼ ਸਾਗਰੀ ਨਵੀਂ ਮੁੰਬਈ ਵਿੱਚ ਧਾਰਾ 103 (1), 61 (2) ਬੀਐਨਐਸ ਤਹਿਤ ਕੇਸ ਦਰਜ ਕੀਤਾ ਗਿਆ ਹੈ। ਨੋਇਡਾ ਐਸਟੀਐਫ ਨੇ ਉਸਨੂੰ ਗ੍ਰਿਫ਼ਤਾਰ ਕਰਕੇ ਨਵੀਂ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ, ਫਤਿਹਾਬਾਦ ਦੇ ਰਤੀਆ ਕਸਬੇ ਦਾ ਰਹਿਣ ਵਾਲਾ 24 ਸਾਲਾ ਸੁੱਖ ਰਤੀਆ ਸਿਰਫ 12ਵੀਂ ਤੱਕ ਹੀ ਪੜ੍ਹਿਆ ਹੈ। ਮਾਡਲਿੰਗ ਦੀ ਇੱਛਾ ਨਾਲ ਉਹ 2022 ਵਿੱਚ ਆਪਣੇ ਮਾਮੇ ਦੇ ਪੁੱਤਰ ਗੁਰਪ੍ਰੀਤ ਸਿੰਘ ਨਾਲ ਮੁੰਬਈ ਪਹੁੰਚਿਆ। ਉੱਥੇ ਉਸਦੀ ਮੁਲਾਕਾਤ ਸੈਲੂਨ ਚਲਾਉਣ ਵਾਲੀ ਇੱਕ ਔਰਤ ਨਾਲ ਹੋਈ, ਜੋ ਗਾਜ਼ੀਆਬਾਦ (ਯੂਪੀ) ਦੀ ਰਹਿਣ ਵਾਲੀ ਹੈ। ਪੁਲਿਸ ਪੁੱਛਗਿੱਛ ਦੌਰਾਨ ਸੁਖਪ੍ਰੀਤ ਨੇ ਕਬੂਲ ਕੀਤਾ ਕਿ ਉਸੇ ਔਰਤ ਨੇ ਉਸਨੂੰ 5 ਲੱਖ ਰੁਪਏ ਵਿੱਚ ਕਤਲ ਦੀ ਸੁਪਾਰੀ ਦਿੱਤੀ ਸੀ।

ਇਸ ਕਤਲ ਦੀ ਸੁਪਾਰੀ ਕਿਸ਼ੋਰ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਦਿੱਤਾ ਸੀ, ਜਿਸਨੇ ਆਪਣੀ ਪਤਨੀ ਨੂੰ ਮਾਰਨ ਦੀ ਯੋਜਨਾ ਬਣਾਈ ਸੀ। 18 ਮਈ ਦੀ ਰਾਤ ਨੂੰ, ਸੁੱਖ ਰਤੀਆ ਅਤੇ ਉਸਦੇ ਸਾਥੀ ਗੁਰਪ੍ਰੀਤ ਸਿੰਘ ਨੇ ਪਹਿਲਾਂ ਮਾਸਕ ਪਾ ਕੇ ਇੱਕ ਰੇਕੀ ਕੀਤੀ, ਫਿਰ ਔਰਤ ਦਾ ਪਿੱਛਾ ਕੀਤਾ ਅਤੇ ਸੜਕ ‘ਤੇ ਉਸਦਾ ਗਲਾ ਵੱਢ ਕੇ ਉਸਦੀ ਹੱਤਿਆ ਕਰ ਦਿੱਤੀ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ।