Punjab

ਗੁਟਕਾ ਸਾਹਿਬ ਦੀ ਹੋਈ ਬੇਅਦਬੀ, ਕੂੜੇ ਦੇ ਢੇਰ ਵਿਚੋਂ ਮਿਲੇ ਗੁਟਕਾ ਸਾਹਿਬ ਦੇ ਅੰਗ

ਤਰਨਤਾਰਨ ਜ਼ਿਲ੍ਹੇ ਦੇ ਪਿੰਡ ਝਬਾਲ ਖੁਰਦ ਵਿਖੇ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਦਾ ਮੰਦਭਾਗੀ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਸੀਆਂ ਬਲਜਿੰਦਰ ਸਿੰਘ ਅਤੇ ਗੁਰਮੀਤ ਸਿੰਘ ਨੇ ਸਵੇਰੇ ਕੂੜੇ ਦੇ ਢੇਰ ਅਤੇ ਸੜਕ ‘ਤੇ ਖਿੱਲਰੇ ਹੋਏ ਗੁਟਕਾ ਸਾਹਿਬ ਦੇ ਅੰਗ ਵੇਖੇ।

ਉਨ੍ਹਾਂ ਨੇ ਇਸ ਦੀ ਸੂਚਨਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਥਾਣਾ ਝਬਾਲ ਦੀ ਪੁਲਿਸ ਨੂੰ ਦਿੱਤੀ। ਮੌਕੇ ‘ਤੇ ਪੁੱਜੇ ਐਸ.ਪੀ. ਅਜੈ ਰਾਜ ਸਿੰਘ, ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਅਤੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਦੇ ਮੈਨੇਜਰ ਸਰਬਦਿਆਲ ਸਿੰਘ ਨੂੰ ਪਿੰਡ ਵਾਸੀਆਂ ਨੇ ਅੰਗ ਸਤਿਕਾਰ ਸਹਿਤ ਸੌਂਪੇ। ਪੁਲਿਸ ਨੇ ਸ਼ਰਾਰਤੀ ਅਨਸਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਕਿਹਾ ਕਿ ਜਲਦ ਹੀ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।