ਰਣਜੀਤ ਸਿੰਘ ਢੱਡਰੀਆਂ ਵਾਲਾ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਅਤੇ ਪੰਜ ਸਿੰਘ ਸਾਹਿਬਾਨ ਅੱਗੇ ਆਪਣੀਆਂ ਪੁਰਾਣੀਆਂ ਵਿਵਾਦਤ ਬਿਆਨਬਾਜ਼ੀਆਂ ਲਈ ਸਪੱਸ਼ਟੀਕਰਨ ਸੌਂਪਦਿਆਂ ਮੁਆਫੀ ਮੰਗੀ। ਸ੍ਰੀ ਅਕਾਲ ਤਖਤ ਸਾਹਿਬ ਨੇ ਉਨ੍ਹਾਂ ਦੀ ਖਿਮਾ ਯਾਚਨਾ ਪ੍ਰਵਾਨ ਕਰਦਿਆਂ 501 ਰੁਪਏ ਦੀ ਦੇਗ ਕਰਵਾਉਣ ਦਾ ਹੁਕਮ ਦਿੱਤਾ।
ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜ ਸਿੰਘ ਸਾਹਿਬਾਨ ਦੇ ਫੈਸਲੇ ਅਨੁਸਾਰ, ਢੱਡਰੀਆਂ ਵਾਲੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਮਰਿਆਦਾ ਅਤੇ ਪੰਥਕ ਰਵਾਇਤਾਂ ਅਨੁਸਾਰ ਸਿੱਖੀ ਪ੍ਰਚਾਰ ਕਰਨ ਦੀ ਹਦਾਇਤ ਕੀਤੀ। ਰਣਜੀਤ ਸਿੰਘ ਨੇ ਫਸੀਲ ਅੱਗੇ ਇਹ ਸਾਰੀਆਂ ਹਦਾਇਤਾਂ ਪ੍ਰਵਾਨ ਕੀਤੀਆਂ।
ਉਨ੍ਹਾਂ ਨੂੰ ਸਰੋਵਰ ਦੇ ਵਿਰੁੱਧ ਨਾ ਬੋਲਣ, ਸਾਖੀਆਂ ਸੁਣਾਉਣ, ਖਾਲਸਾ ਪੰਥ ਨੂੰ ਇਕਜੁੱਟ ਕਰਨ ਅਤੇ ਕਿਸੇ ਜਥੇਬੰਦੀ ਵਿਰੁੱਧ ਟਿੱਪਣੀ ਨਾ ਕਰਨ ਦੀ ਤਾਕੀਦ ਕੀਤੀ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਢੱਡਰੀਆਂ ਵਾਲੇ ’ਤੇ ਪ੍ਰਚਾਰ ’ਤੇ ਲੱਗੀ ਰੋਕ ਹਟਾ ਦਿੱਤੀ ਅਤੇ ਕਿਹਾ ਕਿ ਪ੍ਰਚਾਰ ਵਿੱਚ ਕੋਈ ਮੁਸ਼ਕਿਲ ਆਉਣ ’ਤੇ ਉਹ ਅਕਾਲ ਤਖਤ ਸਾਹਿਬ ਦੀ ਸਹਾਇਤਾ ਲੈ ਸਕਦੇ ਹਨ।
ਰਣਜੀਤ ਸਿੰਘ ਢੱਡਰੀਆਂਵਾਲਾ ਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਰਵਿੰਦਰ ਸਿੰਘ ਸਰਨਾ, ਸ੍ਰੀ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ, ਗਿਆਨੀ ਰਣਜੀਤ ਸਿੰਘ ਗੋਹਰ ਵੀ ਪੇਸ਼ ਹੋਏ। ਰਣਜੀਤ ਸਿੰਘ ਢੱਡਰੀਆਂ ਵਾਲਾ ਨੇ ਕਿਹਾ ਕਿ ਪੰਜਾਬ ਵਿੱਚ ਧਰਮ ਪਰਿਵਰਤਨ ਤੇ ਨਸ਼ੇ ਵਿਚ ਫਸ ਰਹੇ ਨੌਜਵਾਨਾਂ ਨੂੰ ਬਾਹਰ ਕੱਢਣ ਲਈ ਇਕਜੁੱਟ ਹੋਣ ਦੀ ਲੋੜ ਹੈ ਤੇ ਇਸ ਲਈ ਉਨ੍ਹਾਂ ਨੇ ਖਿਮਾ ਦਾ ਯਾਚਨਾ ਕੀਤੀ ਹੈ।