India Khaas Lekh Khalas Tv Special

ਅਪ੍ਰੇਸ਼ਨ ਸਿੰਧੂਰ ਅਤੇ ਭਾਰਤੀ ਮੀਡੀਆ ਦੀ ਕਾਰਗੁਜ਼ਾਰੀ

‘ਦ ਖ਼ਾਲਸ ਬਿਊਰੋ (ਇਸ਼ਵਿੰਦਰ ਸਿੰਘ ਦਾਖ਼ਾ) : ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਵਧਣ ਨਾਲ ਜਿੱਥੇ ਫ਼ੌਜੀ ਟਕਰਾਅ ਤੇਜ਼ ਹੋਇਆ ਓਥੇ ਹੀ ਇਸ ਦੇ ਨਾਲ ਮੀਡੀਆ ਜਾਂ ਪੱਤਰਕਾਰੀ ਦੇ ਪੱਧਰ ’ਤੇ ਵੀ ਇੱਕ ਬਰਾਬਰ ਜੰਗ ਛਿੜ ਗਈ, ਬਿਰਤਾਂਤ ਦੀ ਜੰਗ। ਜਿੱਥੇ ਦੋਵੇਂ ਮੁਲਕਾਂ ਦੇ ਮੀਡੀਆ ਅਦਾਰਿਆਂ ਨੇ ਗ਼ਲਤ ਜਾਣਕਾਰੀ ਫੈਲਾਅ ਕੇ ਆਪਣੇ ਹੀ ਲੋਕਾਂ ਨੂੰ ਗੁੰਮਰਾਹ ਕੀਤਾ, ਓਥੇ ਹੀ ਖ਼ੁਦ ਵੀ ਕੌਮਾਂਤਰੀ ਪੱਧਰ ’ਤੇ ਵੱਡੇ ਮਜ਼ਾਕ ਦਾ ਪਾਤਰ ਬਣੇ। ਕੁਝ ਮੀਡੀਆ ਅਦਾਰਿਆਂ ਨੇ ਝੂਠਾ ਬਿਰਤਾਂਤ ਘੜ੍ਹ ਕੇ ਬਲਦੀ ‘ਚ ਤੇਲ ਪਾਉਣ ਵਾਲਾ ਕੰਮ ਕੀਤਾ, ਜਿਸ ਕਰਕੇ ਚੰਗੀ ਪੱਤਰਕਾਰੀ ਕਰਨ ਵਾਲੇ ਅਦਾਰਿਆਂ ਤੇ ਪੱਤਰਕਾਰਾਂ ਦਾ ਸਿਰ ਵੀ ਪੂਰੀ ਦੁਨੀਆ ‘ਚ ਸ਼ਰਮ ਨਾਲ ਝੁਕ ਜਾਂਦਾ ਹੈ।

ਦਰਅਸਲ ਪੱਤਰਕਾਰ ਇੱਕ ਲੋਕ ਸੇਵਕ ਹੁੰਦਾ ਹੈ, ਜਿਸਦਾ ਫਰਜ਼ ਸਮਾਜਿਕ, ਆਰਥਿਕ, ਸੱਭਿਆਚਾਰਕ, ਸਿਆਸੀ, ਅਤੇ ਹੋਰ ਮੁੱਦਿਆਂ ਸਬੰਧੀ ਤਾਜ਼ਾ ਅਤੇ ਪ੍ਰਮਾਣਿਕ ਜਾਣਕਾਰੀ ਇਕੱਠੀ ਕਰਕੇ ਲੋਕਾਂ ਤੱਕ ਪਹੁੰਚਾਉਣਾ ਤੇ ਲੋਕਾਂ ਦੀ ਸਮੱਸਿਆਵਾਂ ਸਰਕਾਰ ਤੱਕ ਪਹੁੰਚਾਉਣਾ ਹੁੰਦਾ ਹੈ। ਹੋਰ ਸੌਖਾ ਸਮਝੀਏ ਤਾਂ ਪੱਤਰਕਾਰੀ, ਲੋਕਾਂ ਨੂੰ ਸੂਚਨਾ ਮੁਹੱਈਆ ਕਰਵਾਉਣ, ਜੁਆਬਦੇਹੀ ਯਕੀਨੀ ਬਣਾਉਣ ਅਤੇ ਸਰਕਾਰ ਸਮੇਤ ਸਰਕਾਰੀ ਸੰਸਥਾਵਾਂ ’ਤੇ ਨਜ਼ਰ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ, ਇਸੇ ਕਰਕੇ ਇਸ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਕਿਹਾ ਜਾਂਦਾ ਹੈ। ਪਰ ਅਜੋਕੇ ਸਮੇਂ ’ਚ ਮੀਡੀਆ ਦੀ ਹਾਲਤ ਐਨੀ ਕੁ ਤਰਸਯੋਗ ਹੋ ਗਈ ਹੈ ਕਿ ਅਖੌਤੀ ਪੱਤਰਕਾਰਾਂ ਕਰਕੇ ਹੀ ਸੱਚ ਝੂਠ ਦਾ ਪਤਾ ਲਾਉਣਾ ਹੀ ਮੁਸ਼ਕਿਲ ਹੋ ਗਿਆ ਹੈ ਤੇ ਮੀਡੀਆ ਨੇ ਆਪਣੇ ਨਾਲ ਗੋਦੀ ਮੀਡੀਆ ਵਰਗੇ ਟੈਗ ਲਵਾ ਲਏ ਹਨ। ਜੰਗ ਵਰਗੇ ਨਾਜ਼ੁਕ ਮਾਹੌਲ ‘ਚ ਤਾਂ ਸਹੀ ਜਾਣਕਾਰੀ ਆਪਣੇ ਦਰਸ਼ਕਾਂ ਤੱਕ ਪਹੁੰਚਾਉਣ ਲਈ ਮੀਡੀਆ ਦਾ ਸਭ ਤੋਂ ਵੱਡਾ ਨੈਤਿਕ ਫ਼ਰਜ਼ ਬਣਦਾ ਹੈ, ਤਾਂ ਕਿ ਲੋਕ ਘਬਰਾਹਟ ‘ਚ ਆ ਕੇ ਕੋਈ ਨੁਕਸਾਨ ਨਾ ਕਰਵਾ ਬੈਠਣ।

7-8 ਮਈ ਦੀ ਰਾਤ ਨੂੰ ਆਪਰੇਸ਼ਨ ਸਿੰਧੂਰ ਤਹਿਤ ਭਾਰਤੀ ਫ਼ੌਜ ਵੱਲੋਂ ਪਾਕਿਸਤਾਨ ਵਿਚਲੇ ਅੱਤਵਾਦ ਦੇ ਅੱਡਿਆਂ ਨੂੰ ਤਬਾਹ ਕਰਨ ਦਾ ਦਾਅਵਾ ਕੀਤੇ ਜਾਣ ਤੋਂ ਬਾਅਦ ਵੀ ਅਜਿਹਾ ਹੀ ਕੁਝ ਵਾਪਰਿਆ, ਜੰਗ ਦੌਰਾਨ ਭਾਰਤੀ ਮੀਡੀਆ ਅਦਾਰਿਆਂ ’ਤੇ ਝੂਠੀ, ਗੈਰ-ਪ੍ਰਮਾਣਿਤ ਅਤੇ ਗੁੰਮਰਾਹਕੁੰਨ ਜਾਣਕਾਰੀ ਪ੍ਰਸਾਰਿਤ ਕਰਨ ਦਾ ਦੋਸ਼ ਲੱਗਿਆ। ਇਨ੍ਹਾਂ ਚੈਨਲਾਂ ਵੱਲੋਂ ਕਰਾਚੀ ਬੰਦਰਗਾਹ ਨੂੰ ਤਬਾਹ ਕਰਨ, ਲਾਹੌਰ-ਇਸਲਾਮਾਬਾਦ ’ਤੇ ਕਬਜ਼ਾ ਕਰਨ, ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਗ੍ਰਿਫ਼ਤਾਰ ਕਰਨ ਜਿਹੇ ਮਨਘੜਤ ਦਾਅਵਿਆਂ ਤੋਂ ਬਾਅਦ ਜੋ ਭਾਰਤੀ ਮੀਡੀਆ ਦਾ ਅੰਤਰਰਾਸ਼ਟਰੀ ਪੱਧਰ ’ਤੇ ਮਜ਼ਾਕ ਉੱਡਿਆ ਉਹ ਕਿਸੇ ਤੋਂ ਲੁਕਿਆ ਨਹੀਂ ਰਿਹਾ।

ਇੱਕ ਮੀਡੀਆ ਅਦਾਰੇ ਨੇ ਤਾਂ ਏਥੋਂ ਤੱਕ ਕਹਿ ਦਿੱਤਾ ਸੀ ਕਿ ਇਹ ਇੱਕ ਬਿਰਤਾਂਤ ਦੀ ਜੰਗ ਹੈ, ਜੋ ਵੀ ਜਾਣਕਾਰੀ ਪਾਕਿਸਤਾਨ ਨੂੰ ਨੁਕਸਾਨ ਪਹੁੰਚਾਉਂਦੀ ਹੈ, ਭਾਵੇਂ ਉਹ ਸੱਚੀ ਹੋਵੇ ਜਾਂ ਝੂਠੀ, ਵੱਧ ਤੋਂ ਵੱਧ ਫ਼ੈਲਾਓ ਅਤੇ ਜੋ ਜਾਣਕਾਰੀ ਭਾਰਤ ਦਾ ਨੁਕਸਾਨ ਕਰਦੀ ਹੋਵੇ, ਉਸ ਨੂੰ ਓਥੇ ਹੀ ਰੋਕ ਦਿਓ, ਤੁਹਾਡੀ ਹਰ ਪੋਸਟ ਇੱਕ ਗੋਲੀ ਹੈ।

ਮੰਨੇ-ਪ੍ਰਮੰਨੇ ਨਿਵੇਸ਼ਕ ਬਸੰਤ ਮਹੇਸ਼ਵਰੀ ਨੇ ਟਵੀਟ ਕਰਕੇ ਕਿਹਾ ਸੀ ਕਿ “ਮੈਂ ਕਦੇ ਵੀ ਟਵੀਟ ਨਹੀਂ ਡਿਲੀਟ ਕੀਤੇ ਪਰ ਅੱਜ ਮੈਂ ਉਹ ਸਾਰੇ ਟਵੀਟ ਡਿਲੀਟ ਕਰ ਰਿਹਾ ਹਾਂ ਜੋ ਮੈਂ ਸਾਡੇ ਭਾਰਤੀ ਮੀਡੀਆ ਚੈਨਲਾਂ ਦੇ ਦਾਅਵਿਆਂ ਦੀ ਪੁਸ਼ਟੀ ਕੀਤੇ ਬਿਨਾਂ ਕੀਤੇ ਸਨ। ਮੈਨੂੰ ਟਵੀਟ ਕਰਕੇ ਨਹੀਂ, ਸਗੋਂ ਇਸ ਲਈ ਦੁਖ ਹੋ ਰਿਹਾ ਹੈ ਕਿਉਂਕਿ ਮੈਂ ਜੋ ਦੇਖਿਆ ਉਸ ’ਤੇ ਵਿਸ਼ਵਾਸ ਕੀਤਾ!”

ਅਭੀਜੀਤ ਅਈਅਰ ਮਿਤਰਾ ਨਾਂ ਦੇ ਇੱਕ ਵਿਅਕਤੀ ਨੇ ਇਹ ਟਵੀਟ ਕੀਤਾ ਸੀ ਕਿ ਖ਼ੂਫ਼ੀਆ ਜਾਣਕਾਰੀ ਦੇ ਮੁਤਾਬਕ ਪਾਕਿਸਤਾਨ ਵਾਲੇ ਪਾਸਿਓਂ ਘੱਟੋ-ਘੱਟ ਦੋ ਰਾਕੇਟ ਸ੍ਰੀ ਦਰਬਾਰ ਸਾਹਿਬ ਵੱਲ ਨੂੰ ਆ ਰਹੇ ਸੀ ਜਿੰਨ੍ਹਾਂ ਨੂੰ ਭਾਰਤੀ ਫ਼ੌਜ ਵੱਲੋਂ ਨਾ-ਕਾਮਯਾਬ ਕਰ ਦਿੱਤਾ ਗਿਆ। ਹਾਲਾਂਕਿ ਫ਼ੌਜ ਵੱਲੋਂ ਅਜਿਹੇ ਕਿਸੇ ਵੀ ਦਾਅਵੇ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਇਸੇ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਟਵੀਟ ਕਰਕੇ ਬਿਨਾਂ ਸਰਕਾਰੀ ਪੁਸ਼ਟੀ ਤੋਂ ਫ਼ੈਲਾਈ ਗਈ ਇਸ ਜਾਣਕਾਰੀ ਨੂੰ ਡਿਲੀਟ ਕਰਵਾਉਣ ਅਤੇ ਅਜਿਹੀ ਜਾਣਕਾਰੀ ਫ਼ੈਲਾਉਣ ਵਾਲਿਆਂ ਤੇ ਕਾਰਵਾਈ ਕਰਨ ਦੀ ਮੰਗ ਕੀਤੀ।

ਇਸੇ ਤਰ੍ਹਾਂ 8 ਮਈ ਨੂੰ ਜੰਮੂ ਦੇ ਗੁਰਦੁਆਰਾ ਸਾਹਿਬ ’ਤੇ ਪਾਕਿਸਤਾਨੀ ਫ਼ੌਜ ਵੱਲੋਂ ਹਮਲਾ ਕੀਤੇ ਜਾਣ ਦੀ ਖ਼ਬਰ ਵੱਡੇ ਪੱਧਰ ਤੇ ਪ੍ਰਚਾਰ ਕੇ ਧਾਰਮਿਕ ਸਦਭਾਵਨਾ ਨੂੰ ਸੱਟ ਮਾਰਨ ਦਾ ਕੋਝਾ ਯਤਨ ਕੀਤਾ ਗਿਆ। ਹਾਲਾਂਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਬਾਅਦ ’ਚ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਸੀ ਕਿ ਗੁਰਦੁਆਰੇ ਉੱਪਰ ਕੋਈ ਹਮਲਾ ਨਹੀਂ ਹੋਇਆ ਪਰ ਗੁਰਦੁਆਰੇ ਨੇੜੇ ਹੋਏ ਧਮਾਕੇ ਕਾਰਨ ਇਮਾਰਤ ਦੇ ਸ਼ੀਸ਼ੇ ਜ਼ਰੂਰ ਟੁੱਟੇ ਹਨ।

ਮੀਡੀਆ ਰਾਹੀਂ ਪੇਸ਼ ਕੀਤੀਆਂ ਗਈਆਂ ਝੂਠੀਆਂ ਖ਼ਬਰਾਂ ਤੋਂ ਤੰਗ ਆ ਕੇ ਇੰਡੀਅਨ ਐਕਸਪ੍ਰੈਸ ਦੇ ਨਿਰਦੇਸ਼ਕ ਅਨੰਤ ਗੋਇਨਕਾ ਨੂੰ ਟਵੀਟ ਕਰਕੇ ਇਹ ਕਹਿਣਾ ਪੈ ਗਿਆ ਸੀ ਕਿ “ਇਸ ਤਰ੍ਹਾਂ ਦੇ ਸਮੇਂ ਟੀਵੀ ਨਾ ਦੇਖਣਾ ਔਖ਼ਾ ਹੈ, ਪਰ ਪਿਛਲੀ ਰਾਤ ਤੋਂ ਬਾਅਦ ਮੈਂ ਜ਼ੋਰਦਾਰ ਸੁਝਾਅ ਦਿੰਦਾ ਹਾਂ: ਨਾ ਦੇਖੋ”।

ਬਹੁਤਾਤ ਮੀਡੀਆ ਅਦਾਰਿਆਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਹੋਏ ਹਮਲੇ ਦੀਆਂ ਖ਼ਬਰਾਂ ਨੂੰ ਪ੍ਰਮੁੱਖਤਾ ਨਾਲ ਚਲਾਇਆ ਸੀ, ਜਿਸ ਤੋਂ ਬਾਅਦ ਅੰਮ੍ਰਿਤਸਰ ਦੀ ਡੀਸੀ ਨੇ ਟਵੀਟ ਕਰਕੇ ਅਜਿਹੇ ਕਿਸੇ ਹਮਲੇ ਨੂੰ ਝੂਠ ਦੱਸਦਿਆਂ ਸਾਰੇ ਚੈਨਲਾਂ ਨੂੰ ਖ਼ਬਰਾਂ ਹਟਾਉਣ ਲਈ ਕਿਹਾ ਸੀ।

 

ਇਸ ਤਰ੍ਹਾਂ ਦੇ ਸਿਰਜੇ ਗਏ ਹੋਰ ਹਜ਼ਾਰਾਂ ਝੂਠੇ ਬਿਰਤਾਂਤ ਸਨ, ਜਿੰਨ੍ਹਾਂ ਦੀ ਸੂਚੀ ਬਹੁਤ ਲੰਮੀ ਹੈ। ਪਰ ਅਜਿਹੇ ਝੂਠੇ ਬਿਰਤਾਂਤਾਂ ਦੀ ਭਰਮਾਰ ਤੋਂ ਬਾਅਦ ਇਸ ਗੱਲ ਦਾ ਅੰਦਾਜ਼ਾ ਸੌਖਿਆਂ ਹੀ ਲਾਇਆ ਜਾ ਸਕਦਾ ਹੈ ਕਿ ਜਿਹੜੇ ਪੱਤਰਕਾਰ ਜਾਂ ਮੀਡੀਆ ਅਦਾਰੇ ਸਹੀ ਅਤੇ ਨਿਰਪੱਖ ਰਿਪੋਰਟਿੰਗ ਕਰਦੇ ਹਨ, ਉਨ੍ਹਾਂ ਨੂੰ ਕਿੰਨੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਜਦੋਂ ਇਸ ਤਰ੍ਹਾਂ ਦੀ ਗਲਤ ਅਤੇ ਝੂਠੀ ਜਾਣਕਾਰੀ ’ਚ ਵਾਧਾ ਹੋਣ ਲੱਗਿਆ ਤਾਂ ਖ਼ੁਦ ਭਾਰਤੀ ਰੱਖਿਆ ਮੰਤਰਾਲੇ ਨੂੰ ਕਹਿਣਾ ਪੈ ਗਿਆ ਸੀ ਕਿ ਸੂਤਰਾਂ ਦੇ ਹਵਾਲੇ ਤੋਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ ਅਤੇ ਸਿਰਫ਼ ਸਰਕਾਰ ਵੱਲੋਂ ਦਿੱਤੀ ਜਾਂਦੀ ਅਧਿਕਾਰਤ ਪ੍ਰੈਸ ਬ੍ਰੀਫ਼ਿੰਗ ਨੂੰ ਅਧਾਰ ਬਣਾ ਕੇ ਹੀ ਰਿਪੋਰਟਿੰਗ ਕੀਤੀ ਜਾਵੇ।

ਮੀਡੀਆ ਅਦਾਰਿਆਂ ਵੱਲੋਂ ਜੰਗ ਦੀਆਂ ਖ਼ਬਰਾਂ ਚਲਾਉਣ ਸਮੇਂ ਸਾਇਰਨ ਦੀ ਆਵਾਜ਼ ਦਾ ਰੱਜ ਕੇ ਦੁਰਉਪਯੋਗ ਕੀਤੇ ਜਾਣ ਤੋਂ ਬਾਅਦ ਸਰਕਾਰ ਨੂੰ ਇਸ ’ਤੇ ਵੀ ਰੋਕ ਲਾਉਣੀ ਪਈ।

ਇੱਕ ਪਾਸੇ ਤਾਂ ਵਿਦੇਸ਼ ਮੰਤਰਾਲੇ ਵੱਲੋਂ ਵਾਰ-ਵਾਰ ਇਹ ਦਾਅਵਾ ਕੀਤਾ ਜਾਂਦਾ ਰਿਹਾ ਕਿ ਸਾਡਾ ਅਪ੍ਰੇਸ਼ਨ ਸਟੀਕ ਅਤੇ ਯੋਜਨਾਬੱਧ ਸੀ, ਅਸੀਂ ਜੰਗ ਨੂੰ ਵਧਾਉਣਾ ਨਹੀਂ ਚਾਹੁੰਦੇ ਪਰ ਅਖ਼ੌਤੀ ਮੀਡੀਆ ਅਦਾਰਿਆ ਨੇ ਬਲਦੀ ’ਤੇ ਤੇਲ ਪਾਉਣ ’ਚ ਕੋਈ ਕਸਰ ਨਹੀਂ ਛੱਡੀ। ਇਨ੍ਹਾਂ ਨੇ ਤਾਂ ਸਟੂਡਿਓ ’ਚ ਹੀ ਟੈਂਕ, ਤੋਪਾਂ ਤੇ ਜਹਾਜ਼ ਖੜ੍ਹੇ ਕੀਤੇ ਹੋਏ ਸਨ ਅਤੇ ਕੁਝ ਪੱਤਰਕਾਰ ਤਾਂ ਖ਼ਬਰਾਂ ਵੀ ਹੈਲੀਕਾਪਟਰ ’ਚ ਬਹਿ ਕੇ ਹੀ ਪੜ੍ਹਦੇ ਸਨ। ਅਜਿਹੇ ਪੱਤਰਕਾਰਾਂ ਨੂੰ ਤਾਂ ਲਗਦੈ ਕਿ ਜੰਗ ਦਾ ਨਾਂ ’ਤੇ ਵਿਆਹ ਜਿੰਨਾ ਚਾਅ ਚੜ੍ਹ ਜਾਂਦੈ। ਇਸੇ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਮੀਡੀਆ ਦੇ ਸਾਹਮਣੇ ਖੜ੍ਹ ਕੇ ਅਜਿਹੇ ਅਦਾਰਿਆਂ ਨੂੰ ਝਾੜ੍ਹ ਪਾਈ ਸੀ।

PIB Fact Check ਵੱਲੋਂ ਬਹੁਤ ਸਾਰੀ ਗ਼ਲਤ ਜਾਣਕਾਰੀ ਦਾ ਨਾਲ ਦੀ ਨਾਲ ਹੀ ਖ਼ੰਡਨ ਤਾਂ ਕੀਤਾ ਜਾਂਦਾ ਰਿਹਾ ਪਰ ਇਹ ਗੱਲ ਹੈਰਾਨੀਜਨਕ ਰਹੀ ਕਿ ਇਸ ਗ਼ਲਤ ਜਾਣਕਾਰੀ ਨੂੰ ਪ੍ਰਸਾਰਿਤ ਕਰਨ ਵਾਲੇ ਕਿਸੇ ਵੀ ਚੈਨਲ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਨੇ ਦੇਸ਼ ਦੇ ਕਿਸੇ ਇੱਕ ਨਿੱਕੇ ਜਿਹੇ ਸਨਕੀ ਮਾਨਸਿਕਤਾ ਵਾਲੇ ਲੋਕਾਂ ਨੂੰ ਤਾਂ ਜ਼ਰੂਰ ਖ਼ੁਸ਼ ਕਰ ਦਿੱਤਾ ਪਰ ਕੌਮਾਂਤਰੀ ਪੱਧਰ ’ਤੇ ਸਾਰੇ ਮੀਡੀਆ ਦੇ ਅਕਸ ਨੂੰ ਖ਼ਰਾਬ ਕੀਤਾ।

ਜੇਕਰ ਸਾਡੇ ਗੁਆਂਢੀ ਪਾਕਿਸਤਾਨੀ ਮੀਡੀਆ ਦੀ ਗੱਲ ਕਰੀਏ ਤਾਂ ਉਸ ਨੇ ਵੀ ਆਪਣੇ ਲੋਕਾਂ ਨੂੰ ਖ਼ੁਸ਼ ਕਰਨ ਲਈ ਗ਼ਲਤ ਜਾਣਕਾਰੀ ਪਰੋਸਣ ’ਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਨੇ ਵੀ ਪਾਕਿਸਤਾਨੀ ਫ਼ੌਜੀ ਦੀਆਂ ਸਰਗਰਮੀਆਂ ਨੂੰ ਵਧਾ-ਚੜ੍ਹਾ ਕੇ ਝੂਠੇ ਦਾਅਵਿਆਂ ਰਾਹੀਂ ਪ੍ਰਸਾਰਿਤ ਕੀਤਾ, ਜਿੰਨ੍ਹਾਂ ਦਾ ALT News ਅਤੇ Boom Live ਜਿਹੇ ਅਦਾਰੇ ਨਾਲ ਦੀ ਨਾਲ ਖ਼ੰਡਣ ਕਰਦੇ ਰਹੇ।

ਜਦੋਂ ਵੀ ਭਾਰਤ-ਪਾਕਿਸਤਾਨ ਵਿਚਾਲੇ ਕੋਈ ਟਕਰਾਅ ਹੁੰਦਾ ਹੈ ਤਾਂ ਬਹੁਤਾਤ ਕੌਮੀ ਮੀਡੀਆ ਅਦਾਰੇ ਜੰਗ ਦਾ ਕੰਟਰੋਲ ਰੂਮ ਬਣ ਜਾਂਦੇ ਹਨ, ਇੰਞ ਲਗਦੈ ਕਿ ਜਿਵੇਂ ਇਨ੍ਹਾਂ ਦੇ ਸਟੂਡੀਓ ਤੋਂ ਹੀ ਫ਼ੌਜ ਦੇ ਰਾਕੇਟ ਅਤੇ ਮਿਜ਼ਾਇਲਾਂ ਨੂੰ ਆਪਰੇਟ ਕੀਤਾ ਜਾਂਦਾ ਹੋਵੇ। ਭਾਰਤ-ਪਾਕਿਸਤਾਨ ਵਿਚਾਲੇ ਤਾਂ ਖ਼ੇਡਾਂ ਨੂੰ ਵੀ ਨਹੀਂ ਬਖ਼ਸ਼ਿਆ ਜਾਂਦਾ, ਹਾਕੀ ਜਾਂ ਕ੍ਰਿਕਟ ਮੈਚ ਵੇਲੇ ਵੀ ਜੰਗ ਵਰਗਾ ਮਾਹੌਲ ਬਣਾ ਦਿੱਤਾ ਜਾਂਦੈ, ਇਹ ਤਾਂ ਫ਼ਿਰ ਹੈ ਹੀ ਅਸਲ ਜੰਗ ਸੀ।

10 ਮਈ ਨੂੰ ਦੋਵਾਂ ਮੁਲਕਾਂ ਵਿਚਾਲੇ ਜੰਗਬੰਦੀ ਹੋਣ ਤੋਂ ਬਾਅਦ ਜਿੱਥੇ ਇਸ ਜੰਗ ਦਾ ਸੰਤਾਪ ਹੰਢਾਅ ਰਹੇ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਲੋਕਾਂ ਨੇ ਸੁਖ ਦਾ ਸਾਂਹ ਲਿਆ ਸੀ, ਓਥੇ ਹੀ ਜੰਗ ਦੀ ਖ਼ੁਸ਼ੀ ਮਨਾਉਣ ਵਾਲ਼ਿਆਂ ਨੇ ਇਸ ਜੰਗਬੰਦੀ ਦਾ ਵਿਰੋਧ ਕੀਤਾ ਅਤੇ ਮੋਦੀ ਸਰਕਾਰ ਨੂੰ ਰੱਜ ਕੇ ਭੰਡਿਆ। ਜੰਗ ਨੂੰ ਸੈਲੀਬਰੇਟ ਕਰਨ ਵਾਲ਼ਿਆਂ ਨੂੰ ਸਾਬਕਾ ਥਲ ਸੈਨਾ ਮੁਖੀ ਮਨੋਜ ਮੁਕੰਦ ਨਰਵਣੇ ਦਾ ਇਹ ਬਿਆਨ ਚੰਗੀ ਤਰ੍ਹਾਂ ਪੜ੍ਹ ਅਤੇ ਸਮਝ ਲੈਣਾ ਚਾਹੀਦਾ ਹੈ, ਜਿਸ ਵਿੱਚ ਉਹ ਕਹਿੰਦੇ ਹਨ ਕਿ
“ਜੰਗ ਕੋਈ ਬਾਲੀਵੁੱਡ ਦੀ ਰੋਮਾਂਟਿਕ ਫ਼ਿਲਮ ਨਹੀਂ, ਆਪਣਿਆਂ ਨੂੰ ਗੁਆਉਣ ਵਾਲਿਆਂ ਲਈ ਇਹ ਦਰਦ ਪੀੜ੍ਹੀਆਂ ਤੱਕ ਰਹਿੰਦੈ। ਜਿਨ੍ਹਾਂ ਲੋਕਾਂ ਨੇ ਭਿਆਨਕ ਦ੍ਰਿਸ਼ ਦੇਖੇ ਹਨ, ਉਨ੍ਹਾਂ ਦੇ 20 ਸਾਲਾਂ ਬਾਅਦ ਵੀ ਜੰਗ ਬਾਰੇ ਸੋਚ ਕੇ ਪਸੀਨੇ ਨਿੱਕਲ ਜਾਂਦੇ ਹਨ। ਜੇ ਹੁਕਮ ਦਿੱਤਾ ਗਿਆ ਤਾਂ ਮੈਂ ਜੰਗ ’ਚ ਜਾਵਾਂਗਾ, ਪਰ ਇਹ ਕਦੇ ਵੀ ਮੇਰੀ ਪਹਿਲੀ ਪਸੰਦ ਨਹੀਂ ਹੋਵੇਗੀ। ਟਕਰਾਅ ਨਾਲੋਂ ਕੂਟਨੀਤੀ ਨੂੰ ਪਹਿਲ ਦੇਣੀ ਚਾਹੀਦੀ ਹੈ।”

ਆਪਣਿਆਂ ਨੂੰ ਗੁਆਉਣ ਦਾ ਦਰਦ ਕੀ ਹੁੰਦਾ ਹੈ, ਇਹ ਸਮਝਣ ਲਈ ਜੰਮੂ ਹਮਲੇ ’ਚ ਮਾਰੇ ਗਏ ਰਾਗੀ ਅਮਰੀਕ ਸਿੰਘ ਦੀ ਧੀ ਦੀ ਪੁਕਾਰ ਜ਼ਰੂਰ ਸੁਣਨੀ ਚਾਹੀਦੀ ਹੈ, ਜਿਸ ’ਚ ਸਰਕਾਰ ਨੂੰ ਤਿੱਖਾ ਸੁਆਲ ਕਰਦੀ ਹੈ ਕਿ “ਪਹਿਲਗਾਮ ਦਾ ਬਦਲਾ ਲੈਣ ਲਈ ਤਾਂ ‘ਆਪਰੇਸ਼ਨ ਸਿੰਧੂਰ’ ਚਲਾਇਆ ਗਿਆ ਤੇ ਹੁਣ ਸਾਡੇ ਖ਼ਤਮ ਹੋਏ ਜੀਆਂ ਦਾ ਬਦਲਾ ਲੈਣ ਲਈ ਕਿਹੜਾ ਆਪ੍ਰੇਸ਼ਨ ਚਲਾਓਗੇ ?”

ਇਸ ਗੱਲ ’ਚ ਕੋਈ ਸ਼ੱਕ ਨਹੀਂ ਕਿ ਹਰ ਕਿਸੇ ਨੂੰ ਆਪਣਾ ਮੁਲਕ ਪਿਆਰਾ ਹੁੰਦਾ ਹੈ, ਪਰ ਲੋਕਾਂ ਨੂੰ ਉਕਸਾਅ ਕੇ ਇੱਕ-ਦੂਸਰੇ ਮੁਲਕ ਦੇ ਨਾਗਰਿਕਾਂ ਪ੍ਰਤੀ ਮਨਾਂ ’ਚ ਜ਼ਹਿਰ ਭਰਨਾ ਭਲਾ ਕਿੱਥੋਂ ਤੱਕ ਜਾਇਜ਼ ਹੈ। ਸਾਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਣੀ ਚਾਹੀਦੀ ਹੈ ਕਿ ਜੰਗ ਹਮੇਸ਼ਾਂ ਦੋ ਮੁਲਕਾਂ ਜਾਂ ਦੋ ਤਾਕਤਾਂ ਵਿਚਾਲੇ ਸਿਆਸੀ ਪੱਧਰ ਤੇ ਹੁੰਦੀ ਹੈ, ਪਰ ਇਸ ’ਚ ਮਰਦੇ ਆਮ ਲੋਕ ਹੀ ਹਨ। ਸਰਹੱਦਾਂ ’ਤੇ ਮਰਨ ਵਾਲੇ ਸਿਪਾਹੀ ਵੀ ਆਮ ਘਰਾਂ ਦੇ ਪੁੱਤ ਹੀ ਹੁੰਦੇ ਹਨ। ਓਥੇ ਨਾ ਤਾਂ ਕੋਈ ਸਿਆਸਤਦਾਨ ਦਾ ਪੁੱਤ ਮਰਦਾ ਹੈ, ਨਾ ਕਿਸੇ ਢਨਾਡ ਦਾ ਅਤੇ ਨਾ ਹੀ ਕਿਸੇ ਅਖ਼ੌਤੀ ਪੱਤਰਕਾਰ ਦਾ। ਕਿਸੇ ਵੀ ਮੁਲਕ ਦੇ ਆਮ ਲੋਕ ਕਦੇ ਵੀ ਜੰਗ ਨਹੀਂ ਚਾਹੁੰਦੇ। ਜੰਗ ਦੀ ਬਰਬਾਦੀ ਦਾ ਸੰਤਾਪ ਹੰਢਾਅ ਚੁੱਕੇ ਬਜ਼ੁਰਗ ਅਕਸਰ ਇਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਜੇਕਰ ਇਨ੍ਹਾਂ ਸਿਆਸਤਦਾਨਾਂ ਦੇ ਪੁੱਤਾਂ ਨੂੰ ਸਰਹੱਦਾਂ ’ਤੇ ਤਾਇਨਾਤ ਕਰ ਦਿੱਤਾ ਜਾਵੇ ਤਾਂ ਕਦੇ ਇਹ ਜੰਗ ਯੁੱਧ ਹੋਣ ਹੀ ਨਾ। ਝੂਠੇ ਬਿਰਤਾਂਤ ਸਿਰਜਣ ਵਾਲੇ ਮੀਡੀਆ ਅਦਾਰੇ ਜੇਕਰ ਆਪਣੇ ਆਪ ਨੂੰ ਅਸਲ ਮਾਇਨੇ ’ਚ ਮੁਲਕ ਦੇ ਵਫ਼ਾਦਾਰ ਕਹਾਉਂਦੇ ਹਨ ਤਾਂ ਉਨ੍ਹਾਂ ਨੂੰ ਇਹ ਜ਼ਰੂਰ ਸੋਚਣਾ ਚਾਹੀਦੈ ਕਿ ਆਪਣੇ ਹੀ ਲੋਕਾਂ ਨੂੰ ਗੁੰਮਰਾਹ ਕਰਕੇ, ਇਹ ਕਿਹੜੀ ਵਫ਼ਾਦਾਰੀ ਸਾਬਿਤ ਕਰ ਰਹੇ ਹਨ, ਤੇ ਇਹ ਕਿਹੜੀ ਦੇਸ਼ ਦੇਵਾ ਹੈ।

ਮੀਡੀਆ ਅਦਾਰਿਆਂ ਵੱਲੋਂ ਗੁੰਮਰਾਹਕੁੰਨ ਜਾਣਕਾਰੀ ਪ੍ਰਸਾਰਿਤ ਕਰਨ ਨਾਲ ਜਿੱਥੇ ਕੌਮਾਂਤਰੀ ਪੱਧਰ ’ਤੇ ਭਾਰਤੀ ਮੀਡੀਆ ਦਾ ਅਕਸ ਖ਼ਰਾਬ ਹੋਇਆ ਓਥੇ ਹੀ ਭਾਰਤ ਦੇ ਚੰਗੇ ਪੱਤਰਕਾਰਾਂ ਦੀ ਪ੍ਰਸ਼ੰਸਾ ਕਰਦਿਆਂ ਪਾਕਿਸਤਾਨੀ ਫ਼ੌਜ ਦੇ ਬੁਲਾਰਿਆਂ ਨੇ ਭਾਰਤੀ ਮੀਡੀਆ ਦਾ ਰੱਜ ਕੇ ਮਜ਼ਾਕ ਉਡਾਇਆ ਭਾਵੇਂ ਉਂਨਾਂ ਦੇ ਮੁਲਕ ‘ਚ ਵੀ ਇਹ ਬਿਰਤਾਂਤ ਆਮ ਵਾਂਗ ਹੀ ਹੈ।

ਇੱਕ ਪਾਸੇ ਸਰਕਾਰ ਨੇ ਝੂਠੀ ਜਾਣਕਾਰੀ ਪ੍ਰਸਾਰਿਤ ਕਰਨ ਵਾਲੇ ਮੀਡੀਆ ਅਦਾਰਿਆਂ ’ਤੇ ਤਾਂ ਕੋਈ ਕਾਰਵਾਈ ਨਹੀਂ ਕੀਤੀ ਗਈ, ਪਰ ਦੂਜੇ ਪਾਸੇ ਤੱਥਾਂ ਸਹਿਤ ਜਾਣਕਾਰੀ ਦੇਣ ਦੇ ਨਾਲ-ਨਾਲ ਖ਼ੋਜ ਭਰਪੂਰ ਚੰਗੀ ਪੱਤਰਕਾਰੀ ਕਰਨ ਵਾਲੇ ਪੱਤਰਕਾਰਾਂ ਅਤੇ ਮੀਡੀਆ ਅਦਾਰਿਆਂ ’ਤੇ ਸਖ਼ਤੀ ਕਰਦਿਆਂ, ਬੰਦ ਕਰ ਦਿੱਤਾ ਗਿਆ। ਪਹਿਲਗਾਮ ਘਟਨਾ ਅਤੇ ਓਪਰੇਸ਼ਨ ਸਿੰਧੂਰ ’ਤੇ ਸੁਆਲ ਚੁੱਕਣ ਵਾਲੇ ਕੁਝ ਪੱਤਰਕਾਰਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ, ਪਰਚੇ ਵੀ ਪਾਏ ਗਏ।

ਪਾਕਿਸਤਾਨੀ ਮੀਡੀਆ ਚੈਨਲਾਂ ਨੂੰ ਭਾਰਤ ’ਚ ਬੈਨ ਕੀਤੇ ਜਾਣ ਕਾਰਨ ਸਾਫ਼ ਸੁਥਰੀ ਪੱਤਰਕਾਰੀ ਕਰਨ ਵਾਲਿਆਂ ਨੂੰ ਤੱਥਾਂ ਦੀ ਪੁਸ਼ਟੀ ਕਰਨ ’ਚ ਕਈ ਮੁਸ਼ਕਿਲਾਂ ਵੀ ਪੇਸ਼ ਆਈਆਂ। ਅੱਠ ਹਜ਼ਾਰ ਐਕਸ ਖ਼ਾਤਿਆਂ ਨੂੰ ਵੀ ਭਾਰਤ ’ਚ ਬੰਦ ਕਰ ਦਿੱਤਾ ਗਿਆ। ਅਜਿਹੇ ਮੌਕੇ ਅੰਤਰਰਾਸ਼ਟਰੀ ਮੀਡੀਆ Al-Jazeera, BBC, Reuters ਵਰਗੇ ਅਦਾਰਿਆਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ, ਜੋ ਕਿ ਤੱਥਾਂ ਨੂੰ ਬਰੀਕੀ ਨਾਲ ਜਾਂਚਣ-ਪਰਖਣ ਤੋਂ ਬਾਅਦ ਹੀ ਕੋਈ ਜਾਣਕਾਰੀ ਸਾਂਝੀ ਕਰਦੇ ਹਨ। ਭਾਰਤ ’ਚ ਵੀ ਅਜਿਹੇ ਪਰ ਬਹੁਤ ਥੋੜ੍ਹੇ ਆਜ਼ਾਦ ਪੱਤਰਕਾਰ ਅਤੇ ਮੀਡੀਆ ਅਦਾਰੇ ਹਨ। ‘ਦ ਖ਼ਾਲਸ ਟੀਵੀ’ ਦੀ ਵੀ ਹਮੇਸ਼ਾਂ ਇਹੀ ਕੋਸ਼ਿਸ਼ ਰਹੀ ਹੈ ਕਿ ਸਿਰਫ਼ ਸੱਚੀ, ਨਿਰਪੱਖ ਅਤੇ ਤੱਥਾਂ ਭਰਪੂਰ ਜਾਣਕਾਰੀ ਹੀ ਤੁਹਾਡੇ ਤੱਕ ਪਹੁੰਚਾਈ ਜਾਵੇ। ਸਾਨੂੰ ਸੁਣਨ ਵਾਲੇ ਸਾਡੇ ਦਰਸ਼ਕ ਇਹ ਚੰਗੀ ਤਰਾਂ ਜਾਣਦੇ ਹਨ।

ਗ਼ਲਤ ਅਤੇ ਤੱਥਹੀਣ ਜਾਣਕਾਰੀ ਦੇਣ ਵਾਲੇ ਬਹੁਤਾਤ ਰਾਸ਼ਟਰੀ ਚੈਨਲਾਂ ਬਾਰੇ ਇਹ ਧਾਰਨਾ ਆਮ ਪ੍ਰਚੱਲਿਤ ਹੈ ਕਿ ਇਹ ਤਾਂ ਚਲਾਏ ਹੀ ਸਰਕਾਰ ਵੱਲੋਂ ਜਾਂਦੇ ਹਨ, ਸਰਕਾਰ ਇਨ੍ਹਾਂ ਨੂੰ ਆਪਣੇ ਮੁਫ਼ਾਦਾਂ ਲਈ ਵਰਤਦੀ ਹੈ। ਪਰ ਅੰਤਰਰਾਸ਼ਟਰੀ ਪੱਧਰ ’ਤੇ ਭਾਰਤੀ ਮੀਡੀਆ ਦੀ ਬਦਨਾਮੀ ਹੋਣ ਤੋਂ ਬਾਅਦ ਭਾਰਤ ਸਰਕਾਰ ਨੂੰ ਇਨ੍ਹਾਂ ’ਤੇ ਲਗਾਮ ਜ਼ਰੂਰ ਲਾਉਣੀ ਚਾਹੀਦੀ ਹੈ, ਅਤੇ ਇਨ੍ਹਾਂ ਦੀ ਜੁਆਬਦੇਹੀ ਤੈਅ ਕਰਨੀ ਚਾਹੀਦੀ ਹੈ ਤਾਂ ਜੋ ਕੁਝ ਕੁ ਮਾੜੇ ਮੀਡੀਆ ਅਦਾਰਿਆਂ ਕਰਕੇ ਸਾਰੇ ਭਾਰਤੀ ਮੀਡੀਆ ਨੂੰ ਬਦਨਾਮੀ ਨਾ ਝੱਲਣੀ ਪਵੇ।