International

ਯੂਕਰੇਨ ਵਿੱਚ ਯਾਤਰੀ ਬੱਸ ‘ਤੇ ਰੂਸੀ ਡਰੋਨ ਹਮਲਾ, 9 ਲੋਕਾਂ ਦੀ ਮੌਤ

ਉੱਤਰ-ਪੂਰਬੀ ਯੂਕਰੇਨ ਵਿੱਚ ਇੱਕ ਯਾਤਰੀ ਬੱਸ ‘ਤੇ ਰੂਸੀ ਡਰੋਨ ਹਮਲੇ ਵਿੱਚ ਨੌਂ ਲੋਕਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਉੱਥੋਂ ਦੇ ਸਥਾਨਕ ਅਧਿਕਾਰੀਆਂ ਨੇ ਦਿੱਤੀ ਹੈ। ਸੁਮੀ ਖੇਤਰੀ ਫੌਜੀ ਪ੍ਰਸ਼ਾਸਨ ਨੇ ਕਿਹਾ ਕਿ ਸ਼ਨੀਵਾਰ ਸਵੇਰੇ ਬਿਲੋਪਿਲੀਆ ਕਸਬੇ ‘ਤੇ ਹੋਏ ਹਮਲੇ ਵਿੱਚ ਚਾਰ ਹੋਰ ਲੋਕ ਜ਼ਖਮੀ ਹੋਏ ਹਨ।

ਇਹ ਕਥਿਤ ਹਮਲਾ 2022 ਤੋਂ ਬਾਅਦ ਪਹਿਲੀ ਵਾਰ ਰੂਸ ਅਤੇ ਯੂਕਰੇਨ ਵੱਲੋਂ ਸ਼ਾਂਤੀ ਲਈ ਸਿੱਧੀ ਗੱਲਬਾਤ ਕਰਨ ਤੋਂ ਕੁਝ ਘੰਟੇ ਬਾਅਦ ਹੋਇਆ। ਸੁਮੀ ਖੇਤਰੀ ਫੌਜੀ ਪ੍ਰਸ਼ਾਸਨ ਨੇ ਟੈਲੀਗ੍ਰਾਮ ‘ਤੇ ਇੱਕ ਪੋਸਟ ਵਿੱਚ ਕਿਹਾ, “ਬਿਲੋਪਿਲੀਆ ਦੇ ਨੇੜੇ ਇੱਕ ਯਾਤਰੀ ਬੱਸ ‘ਤੇ ਦੁਸ਼ਮਣ ਦੇ ਡਰੋਨ ਦੁਆਰਾ ਹਮਲਾ ਕਰਨ ਨਾਲ ਨੌਂ ਲੋਕ ਮਾਰੇ ਗਏ ਅਤੇ ਚਾਰ ਜ਼ਖਮੀ ਹੋ ਗਏ।”

ਹਾਲਾਂਕਿ, ਰੂਸੀ ਫੌਜ ਨੇ ਅਜੇ ਤੱਕ ਇਸ ਹਮਲੇ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਰੂਸ ਅਤੇ ਯੂਕਰੇਨ ਵਿਚਕਾਰ ਸ਼ੁੱਕਰਵਾਰ ਨੂੰ ਤੁਰਕੀ ਦੇ ਇਸਤਾਂਬੁਲ ਵਿੱਚ ਹੋਈ ਗੱਲਬਾਤ ਇਸ ਯੁੱਧ ਨੂੰ ਖਤਮ ਕਰਨ ਦੇ ਤਰੀਕੇ ਬਾਰੇ ਕਿਸੇ ਨਤੀਜੇ ‘ਤੇ ਪਹੁੰਚਣ ਵਿੱਚ ਅਸਫਲ ਰਹੀ।

ਹਾਲਾਂਕਿ, ਇਹ ਸਹਿਮਤੀ ਬਣੀ ਕਿ ਦੋਵੇਂ ਧਿਰਾਂ ਆਉਣ ਵਾਲੇ ਦਿਨਾਂ ਵਿੱਚ ਇੱਕ-ਇੱਕ ਹਜ਼ਾਰ ਜੰਗੀ ਕੈਦੀ ਇੱਕ ਦੂਜੇ ਨੂੰ ਵਾਪਸ ਕਰ ਦੇਣਗੀਆਂ। ਫਰਵਰੀ 2022 ਵਿੱਚ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਉੱਤੇ ਪੂਰੇ ਪੈਮਾਨੇ ‘ਤੇ ਹਮਲਾ ਕੀਤਾ।