ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਲੁਧਿਆਣਾ ਦੇ ਹਲਕਾ ਉੱਤਰੀ ਵਿਖੇ ਤਿੰਨ ਵੱਖ-ਵੱਖ ਪ੍ਰੋਜੈਕਟਾਂ ਉਦਘਾਟਨ ਕੀਤਾ ਗਿਆ ਹੈ, ਜਿਸ ਵਿਚ ਇਕ ਸਪੋਰਟਸ ਪਾਰਕ, ਇਕ ਆਡੀਟੋਰੀਅਮ ਅਤੇ ਬੁੱਢੇ ਨਾਲੇ ’ਤੇ ਬਣਿਆ ਹਾਈ ਲੈਵਲ ਪੁੱਲ ਸ਼ਾਮਿਲ ਹੈ।
ਇਸ ਦੌਰਾਨ ਮਾਨ ਨੇ ਕਿਹਾ ਕਿ ਜਲਦੀ ਹੀ ਸੂਬੇ ਵਿਚ ਰਜਿਸਟਰੀਆਂ ਬਾਰੇ ਨਵਾਂ ਸਿਸਟਮ ਲਾਗੂ ਹੋਣ ਜਾ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਰਜਿਸਟਰੀਆਂ ਵਾਸਤੇ ਤਹਿਸੀਲਾਂ ਵਿਚ ਧੱਕੇ ਖਾਉਣ ਦੀ ਲੋੜ ਨਹੀਂ ਪਵੇਗੀ। ਜਲਦੀ ਹੀ ਸੇਵਾਂ ਕੇਂਦਰਾਂ ਵਿਚ ਰਜਿਸਟਰੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖ਼ੁਦ ਇਸ ਦੀ ਜਾਣਕਾਰੀ ਸਾਂਝੀ ਕੀਤੀ ਤੇ ਇਸੇ ਮਹੀਨੇ ਦੇ ਅਖ਼ੀਰ ਤਕ ਇਸ ਸਿਸਟਮ ਦੇ ਲਾਗੂ ਹੋਣ ਦੀ ਗੱਲ ਵੀ ਆਖ਼ੀ।
ਮਾਨ ਨੇ ਦੱਸਿਆ ਕਿ ਇਸ ਸਿਸਟਮ ਦਾ ਟਰਾਇਲ ਚੱਲ ਰਿਹਾ ਹੈ ਤੇ 15-20 ਦਿਨਾਂ ਤਕ ਇਹ ਲਾਗੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸੇਵਾਂ ਕੇਂਦਰਾਂ ਵਿਚ ਰਜਿਸਟਰੀਆਂ ਲਿਖੀਆਂ ਜਾਇਆ ਕਰਨਗੀਆਂ। ਲੋਕਾਂ ਨੂੰ ਸਿਰਫ ਫੋਟੋ ਕਰਵਾਉਣ ਲਈ ਕਚਹਿਰੀ ਜਾਣਾ ਪਵੇਗਾ ਤੇ ਉਸ ਤੋਂ ਬਾਅਦ ਸਰਕਾਰੀ ਮੁਲਾਜ਼ਮ ਲੋਕਾਂ ਦੇ ਘਰ ਰਜਿਸਟਰੀ ਫੜਾ ਕੇ ਜਾਇਆ ਕਰੇਗਾ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਕੰਮ ਅਜਿਹੇ ਹਨ ਜਿਹੜੇ ਆਨਲਾਈਨ ਹੋ ਸਕਦੇ ਹਨ, ਪਰ ਸਾਨੂੰ ਉਨ੍ਹਾਂ ਵਾਸਤੇ ਦਿਹਾੜੀਆਂ ਭੰਨਣੀਆਂ ਪੈਂਦੀਆਂ ਹਨ, ਇਸ ਵਿਚ ਬਦਲਾਅ ਲਿਆਵਾਂਗੇ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਵੀ ਕਿਹਾ ਕਿ ਹੁਣ ਰਜਿਸਟਰੀਆਂ ਉਰਦੂ ਵਿਚ ਨਹੀਂ ਸਗੋਂ ਪੰਜਾਬੀ ‘ਚ ਲਿਖੀਆਂ ਜਾਣਗੀਆਂ। ਜੇ ਕੋਈ ਚਾਹੇ ਤਾਂ ਉਹ ਰਜਿਸਟਰੀ ਹਿੰਦੀ ਜਾਂ ਅੰਗਰੇਜ਼ੀ ਵਿਚ ਲਿਖਵਾ ਸਕਦੇ ਹਨ, ਪਰ ਤਰਜੀਹ ਪੰਜਾਬੀ ਨੂੰ ਹੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਵਾਲੀਆਂ ਰਜਿਸਟਰੀਆਂ ‘ਚ ਲਿਖੀ ਭਾਸ਼ਾ ਲੋਕਾਂ ਨੂੰ ਸਮਝ ਹੀ ਨਹੀਂ ਲੱਗਦੀ, ਪਰ ਹੁਣ ਹੋਣ ਵਾਲੀਆਂ ਰਜਿਸਟਰੀਆਂ ਨੂੰ ਹਰ ਕੋਈ ਪੜ੍ਹ ਤੇ ਸਮਝ ਸਕੇਗਾ।
ਭ੍ਰਿਸ਼ਟਾਚਾਰ ਨੂੰ ਰੋਕਣ ਲਈ, ਪੰਜਾਬ ਭਰ ਦੇ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਹਨ ਤਾਂ ਜੋ ਭ੍ਰਿਸ਼ਟਾਚਾਰ ਨੂੰ ਕਾਬੂ ਕੀਤਾ ਜਾ ਸਕੇ। ਹੁਣ ਰਜਿਸਟ੍ਰੇਸ਼ਨਾਂ ਸਰਲ ਪੰਜਾਬੀ ਭਾਸ਼ਾ ਵਿੱਚ ਲਿਖੀਆਂ ਜਾਣਗੀਆਂ ਤਾਂ ਜੋ ਲੋਕ ਇਸਨੂੰ ਆਸਾਨੀ ਨਾਲ ਸਮਝ ਸਕਣ। ‘ਆਪ’ ਸਰਕਾਰ ਨੇ ਬਿਨਾਂ ਸਿਫਾਰਸ਼ ਦੇ 52 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਵੰਡੀਆਂ ਹਨ।