India

ਕਪੂਰਥਲਾ ਦੇ ਕਿਸਾਨਾਂ ਨੇ ਦਿੱਲੀ ਜਾ ਰਹੇ ਟਰੈਕਟਰਾਂ ਵਿੱਚ ਲੱਖਾਂ ਰੁਪਏ ਦਾ ਮੁਫਤ ਡੀਜ਼ਲ ਪਾ ਕੇ ਕੀਤੀ ਸੇਵਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨੀ ਅੰਦੋਲਨ ਅੱਜ ਪੂਰੇ ਦੇਸ਼ ਦਾ ਜਨ ਅੰਦੋਲਨ ਬਣ ਗਿਆ ਹੈ। ਕਿਸਾਨੀ ਅੰਦੋਲਨ ਨੂੰ ਸਾਰੇ ਵਰਗਾਂ ਦੇ ਲੋਕਾਂ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ। ਕਿਸਾਨੀ ਅੰਦੋਲਨ ਦੀ ਗੂੰਜ ਵਿਦੇਸ਼ਾਂ ਵਿੱਚ ਵੀ ਪਹੁੰਚ ਗਈ ਹੈ ਅਤੇ ਵਿਦੇਸ਼ਾਂ ਵਿੱਚ ਵਸਦਾ ਪੰਜਾਬੀ ਭਾਈਚਾਰਾ ਕਿਸਾਨੀ ਅੰਦੋਲਨ ਦਾ ਪੂਰਾ ਸਮਰਥਨ ਕਰ ਰਿਹਾ ਹੈ। ਦੁਨੀਆ ਭਰ ਦੇ ਲੋਕ ਆਪਣੀ ਸਮਰੱਥਾ ਮੁਤਾਬਕ ਦਿੱਲੀ ਵਿੱਚ ਖੇਤੀ ਕਾਨੂੰਨਾਂ ਦੇ ਖਿਲਾਫ ਧਰਨਾ-ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਲਈ ਕਿਸੇ ਨਾ ਕਿਸੇ ਪ੍ਰਕਾਰ ਦੀ ਹਰ ਸੰਭਵ ਮਦਦ ਕਰ ਰਿਹਾ ਹੈ।

ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮਾਧੋਪੁਰ ਦੇ ਕਿਸਾਨਾਂ ਨੇ ਦਿੱਲੀ ਧਰਨੇ ‘ਤੇ ਜਾ ਰਹੇ ਕਿਸਾਨਾਂ ਦੇ ਟਰੈਕਟਰਾਂ ਵਿੱਚ ਡੀਜ਼ਲ ਪਾ ਕੇ ਕਿਸਾਨੀ ਅੰਦੋਲਨ ਵਿੱਚ ਆਪਣਾ ਯੋਗਦਾਨ ਪਾਇਆ। ਟਿੱਕਰੀ ਬਾਰਡਰ ਤੋਂ ਕਰੀਬ 30 ਕਿਲੋਮੀਟਰ ਪਿੱਛੇ ਕਿਸਾਨਾਂ ਵੱਲੋਂ ਇਹ ਸੇਵਾ ਕੀਤੀ ਗਈ। ਉੱਥੇ ਸਥਿਤ ਸੁਖਦੇਵ ਢਾਬੇ ਦੇ ਨੇੜੇ ਦੋ ਪੈਟਰੋਲ ਪੰਪਾਂ ‘ਤੇ ਦਿੱਲੀ ਜਾ ਰਹੇ ਕਿਸਾਨਾਂ ਦੇ ਟਰੈਕਟਰਾਂ ਵਿੱਚ ਤੇਲ ਪਾਇਆ ਗਿਆ।

ਕਿਸਾਨ ਪਿਆਰਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿੱਲੀ ਜਾ ਰਹੇ ਕਿਸਾਨਾਂ ਦੇ ਟਰੈਕਟਰਾਂ ਵਿੱਚ ਕਰੀਬ 4 ਲੱਖ ਰੁਪਏ ਤੱਕ ਦਾ ਡੀਜ਼ਲ ਪਾ ਕੇ ਕਿਸਾਨੀ ਅੰਦੋਲਨ ਵਿੱਚ ਯੋਗਦਾਨ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਤੋਂ ਗੁਰਮੀਤ ਸਿੰਘ ਨੇ ਇਸ ਸੇਵਾ ਵਿੱਚ 4 ਲੱਖ ਰੁਪਏ ਦਾ ਸਹਿਯੋਗ ਦਿੱਤਾ ਹੈ। ਉਨ੍ਹਾਂ ਦੱਸਿਆ ਕਿ 1 ਲੱਖ ਰੁਪਏ ਕਿਸਾਨੀ ਅੰਦੋਲਨ ਵਿੱਚ ਫੰਡ ਵੀ ਦਿੱਤਾ ਗਿਆ ਹੈ।

ਪਿਆਰਾ ਸਿੰਘ ਨੇ ਕਿਹਾ ਕਿ ਅਸੀਂ ਪਹਿਲਾਂ ਕਿਸਾਨੀ ਅੰਦੋਲਨ ਵਿੱਚ ਰਾਸ਼ਨ ਵੀ ਲੈ ਕੇ ਗਏ ਸੀ ਪਰ ਕਿਸਾਨਾਂ ਨੇ ਬੇਨਤੀ ਕਰਕੇ ਰਾਸ਼ਨ ਵਾਪਸ ਭੇਜ ਦਿੱਤਾ ਕਿਉਂਕਿ ਕਿਸਾਨ ਪਹਿਲਾਂ ਹੀ 6 ਮਹੀਨਿਆਂ ਦਾ ਰਾਸ਼ਨ ਆਪਣੇ ਨਾਲ ਲੈ ਕੇ ਆਏ ਸਨ। ਇਸ ਲਈ ਅਸੀਂ ਵਾਪਸੀ ਸਮੇਂ ਉਹ ਰਾਸ਼ਨ ਸਰਹੰਦ ਦੇ ਇੱਕ ਗੁਰਦੁਆਰਾ ਸਾਹਿਬ ਵਿਖੇ ਭੇਟਾ ਕਰ ਦਿੱਤਾ। ਕਿਸਾਨਾਂ ਦੀ ਬੇਨਤੀ ‘ਤੇ ਡੀਜ਼ਲ ਦੀ ਸੇਵਾ ਕੀਤੀ ਹੈ।