Khetibadi Punjab

ਪੰਜਾਬ ’ਚ ਕਿਸਾਨ ਆਗੂਆਂ ਦੀ ਫੜੋ-ਫੜਾਈ, ਡੱਲੇਵਾਲ ਸਮੇਤ ਕਈ ਕਿਸਾਨ ਆਗੂ ਨਜ਼ਰਬੰਦ

ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ਪੁਲਿਸ ਸਟੇਸ਼ਨ ਦੀ ਘੇਰਾਬੰਦੀ ਤੋਂ ਪਹਿਲਾਂ ਪੁਲਿਸ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਹੋਰਨਾਂ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਹੈ। ਪੁਲਿਸ ਅਧਿਕਾਰੀ ਸੋਮਵਾਰ ਸਵੇਰੇ 4 ਵਜੇ ਡੱਲੇਵਾਲ ਦੇ ਫਰੀਦਕੋਟ ਵਾਲੇ ਘਰ ਪਹੁੰਚੇ। ਡੱਲੇਵਾਲ ਨੇ ਖੁਦ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਇਸ ਬਾਰੇ ਜਾਣਕਾਰੀ ਦਿੱਤੀ।

ਡੱਲੇਵਾਲ ਨੇ ਕਿਹਾ ਕਿ ਸਾਰੇ ਜਾਣਦੇ ਹਨ ਕਿ ਮੈਂ ਜ਼ਿਆਦਾ ਘੁੰਮ ਨਹੀਂ ਸਕਦਾ। ਇਸ ਦੇ ਬਾਵਜੂਦ, ਸਰਕਾਰ ਡਰੀ ਹੋਈ ਹੈ ਅਤੇ ਮੈਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਅਜਿਹੇ ਹੁਕਮ ਦਿੱਤੇ ਜਾ ਰਹੇ ਹਨ।

ਸ਼ੰਭੂ ਤੇ ਖਨੌਰੀ ਬਾਰਡਰਾਂ ਤੋਂ ਕਿਸਾਨਾਂ ਦੇ ਸਮਾਨ ਚੋਰੀ ਤੇ ਖੁਰਦ-ਬੁਰਦ ਕੀਤੇ ਜਾਣ ਦਾ ਇਨਸਾਫ਼ ਲੈਣ ਤੇ ਜ਼ਿੰਮੇਵਾਰ ਪੁਲਿਸ ਅਫਸਰਾਂ/ਮੁਲਾਜ਼ਮਾਂ ਅਤੇ ਵਿਧਾਇਕ ਘਿਨੌਰ ਖਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਲਗਾਉਣ ਦਾ ਐਲਾਨ ਕੀਤਾ ਗਿਆ ਹੈ।

ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਸਿਰਸਾ ਆਦਿ ਆਗੂ ਘਰਾਂ ਵਿੱਚ ਪੁਲਿਸ ਵੱਲੋਂ ਨਜ਼ਰਬੰਦ ਕੀਤੇ ਗਏ ਹਨ ਅਤੇ ਸੁਖਜੀਤ ਸਿੰਘ ਹਰਦੋ ਝੰਡੇ ਨੂੰ ਗ੍ਰਿਫਤਾਰ ਕਰਕੇ ਥਾਣਾ ਸਦਰ ਬਟਾਲਾ, ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦੇ ਸਾਰੇ ਪ੍ਰਮੁੱਖ ਆਗੂ ਪੁਲਿਸ ਨੇ ਲਏ ਹਿਰਾਸਤ ਵਿੱਚ ਲਏ ਹਨ।

ਕੁਲਵਿੰਦਰ ਸਿੰਘ ਪੰਜੋਲਾ ਪੁਲਿਸ ਚੌਂਕੀ ਪੁਰਖਾਲੀ ਰੋਪੜ, ਹਰਦੇਵ ਸਿੰਘ ਚਿੱਟੀ ਥਾਣਾ ਦੋਰਾਂਗਲਾ, ਗੁਰਦਾਸਪੁਰ, ਗੁਰਪ੍ਰੀਤ ਸਿੰਘ ਛੀਨਾ, ਅੰਗਰੇਜ਼ ਸਿੰਘ ਬੂਟੇ ਵਾਲਾ, ਸ਼ੇਰਾ ਅਠਵਾਲ ਅਤੇ ਹਰਵਿੰਦਰ ਸਿੰਘ ਮਸਾਣੀਆਂ ਸੂਬਾ ਆਗੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਗ੍ਰਿਫ਼ਤਾਰ ਕਰਕੇ ਸੇਖਵਾਂ ਥਾਣੇ ਲਿਜਾਇਆ ਗਿਆ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਹੋਰ ਕਈ ਆਗੂਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਵੱਖ-ਵੱਖ ਥਾਣਿਆਂ ਵਿੱਚ ਲਿਜਾਇਆ ਗਿਆ।