ਮੋਹਾਲੀ ਜ਼ਿਲ੍ਹਾ ਅਦਾਲਤ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਦੋਸ਼ੀ ਜਗਤਾਰ ਸਿੰਘ ਹਵਾਰਾ ਵਿਰੁੱਧ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਹੈ। ਮੰਡੋਲੀ ਜੇਲ੍ਹ (ਦਿੱਲੀ) ਦੇ ਅਧਿਕਾਰੀਆਂ ਨੇ ਹਵਾਰਾ ਨੂੰ ਖਰੜ ਵਿੱਚ 2005 ਦੇ ਇੱਕ ਵਿਸਫੋਟਕ ਸਮੱਗਰੀ ਮਾਮਲੇ ਦੀ ਸੁਣਵਾਈ ਲਈ ਅਦਾਲਤ ਵਿੱਚ ਪੇਸ਼ ਨਹੀਂ ਕੀਤਾ, ਜਿਸ ਤੋਂ ਬਾਅਦ ਅਦਾਲਤ ਨੇ 8 ਮਈ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਦਾ ਹੁਕਮ ਦਿੱਤਾ। ਇਸ ਮਾਮਲੇ ਵਿੱਚ ਹਵਾਰਾ ਅਤੇ ਹੋਰਾਂ ਵਿਰੁੱਧ ਵਿਸਫੋਟਕ ਪਦਾਰਥ ਐਕਟ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਹੋਇਆ ਸੀ, ਪਰ ਉਸ ਸਮੇਂ ਹਵਾਰਾ ਦੀ ਗ੍ਰਿਫਤਾਰੀ ਜਾਂ ਬਰਾਮਦਗੀ ਨਹੀਂ ਹੋਈ।
ਇਸੇ ਤਰ੍ਹਾਂ, 1998 ਵਿੱਚ ਹਵਾਰਾ ਵਿਰੁੱਧ ਦੇਸ਼ਧ੍ਰੋਹ, ਅਪਰਾਧਿਕ ਸਾਜ਼ਿਸ਼ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਹੋਇਆ ਸੀ, ਜਿਸ ਵਿੱਚ ਉਸਨੂੰ ਇੱਕ ਸਾਲ ਪਹਿਲਾਂ ਬਰੀ ਕਰ ਦਿੱਤਾ ਗਿਆ। ਹਵਾਰਾ ਪਹਿਲਾਂ ਵੀ ਚੰਡੀਗੜ੍ਹ ਵਿੱਚ ਵਿਸਫੋਟਕ ਅਤੇ ਦੇਸ਼ਧ੍ਰੋਹ ਦੇ ਦੋ ਮਾਮਲਿਆਂ ਵਿੱਚ ਬਰੀ ਹੋ ਚੁੱਕਾ ਹੈ। ਉਹ ਬੇਅੰਤ ਸਿੰਘ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।
2004 ‘ਚ ਹੋ ਗਏ ਸੀ ਫਰਾਰ
ਬੇਅੰਤ ਸਿੰਘ ਕਤਲ ਕਾਂਡ ਤੋਂ ਬਾਅਦ ਗ੍ਰਿਫ਼ਤਾਰ ਹਵਾਰਾ ਜਨਵਰੀ 2004 ਵਿੱਚ ਇੱਕ ਕਤਲ ਕੇਸ ਵਿੱਚ ਸਜ਼ਾਯਾਫ਼ਤਾ ਆਪਣੇ ਸਾਥੀਆਂ ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਓਰਾ ਅਤੇ ਦੇਵੀ ਸਿੰਘ ਨਾਲ ਬੁੜੈਲ ਜੇਲ੍ਹ ਵਿੱਚੋਂ 104 ਫੁੱਟ ਡੂੰਘੀ ਸੁਰੰਗ ਬਣਾ ਕੇ ਫਰਾਰ ਹੋ ਗਿਆ ਸੀ। ਦੇਵੀ ਸਿੰਘ ਨੂੰ ਛੱਡ ਕੇ ਤਿੰਨੋਂ ਫੜ ਲਏ ਗਏ ਸਨ।