India International

ਰਾਜਸਥਾਨ ਸਰਹੱਦ ‘ਤੇ ਫੜਿਆ ਗਿਆ ਪਾਕਿਸਤਾਨੀ ਰੇਂਜਰ: ਪਾਕਿ ਫੌਜ ਨੇ 10ਵੇਂ ਦਿਨ ਵੀ ਕੀਤੀ ਜੰਗਬੰਦੀ ਦੀ ਉਲੰਘਣਾ

ਰਾਜਸਥਾਨ ਵਿੱਚ ਸੀਮਾ ਸੁਰੱਖਿਆ ਬਲ (BSF) ਨੇ ਸ਼ਨੀਵਾਰ ਨੂੰ ਭਾਰਤ-ਪਾਕਿਸਤਾਨ ਸਰਹੱਦ ‘ਤੇ ਇੱਕ ਪਾਕਿਸਤਾਨੀ ਰੇਂਜਰ ਨੂੰ ਹਿਰਾਸਤ ਵਿੱਚ ਲਿਆ। ਰੇਂਜਰ ‘ਤੇ ਜਾਸੂਸੀ ਦਾ ਦੋਸ਼ ਹੈ। ਪਾਕਿਸਤਾਨ ਨੇ ਵੀ ਪਾਕਿ ਰੇਂਜਰ ਨੂੰ ਫੜੇ ਜਾਣ ਦੀ ਪੁਸ਼ਟੀ ਕੀਤੀ ਹੈ। ਬੀਐਸਐਫ ਅਤੇ ਸੁਰੱਖਿਆ ਏਜੰਸੀਆਂ ਅੱਜ ਉਸ ਤੋਂ ਪੁੱਛਗਿੱਛ ਕਰਨਗੀਆਂ।

ਦੂਜੇ ਬੰਨੇ ਪਾਕਿਸਤਾਨ ਨੇ ਲਗਾਤਾਰ 10ਵੇਂ ਦਿਨ ਕੰਟਰੋਲ ਰੇਖਾ ‘ਤੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਪਾਕਿਸਤਾਨੀ ਫੌਜ ਨੇ ਕੁਪਵਾੜਾ, ਬਾਰਾਮੂਲਾ, ਪੁੰਛ, ਰਾਜੌਰੀ, ਮੇਂਢਰ, ਨੌਸ਼ਹਿਰਾ, ਸੁੰਦਰਬਨੀ ਅਤੇ ਅਖਨੂਰ ਇਲਾਕਿਆਂ ਵਿੱਚ ਗੋਲੀਬਾਰੀ ਕੀਤੀ ਹੈ। ਸ਼ਨੀਵਾਰ ਨੂੰ, ਪਾਕਿਸਤਾਨ ਨੇ ਕੁਪਵਾੜਾ, ਉੜੀ ਅਤੇ ਅਖਨੂਰ ਦੇ ਆਲੇ-ਦੁਆਲੇ ਜੰਗਬੰਦੀ ਦੀ ਉਲੰਘਣਾ ਕੀਤੀ ਸੀ।

ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਤੋਂ ਬਦਲੇ ਦੀ ਧਮਕੀ ਦੇ ਵਿਚਕਾਰ, ਪਾਕਿਸਤਾਨ ਨੇ ਲੜਾਕੂ ਜਹਾਜ਼ਾਂ ਦੇ ਅਭਿਆਸ ਅਤੇ ਫੌਜ ਦੀ ਆਵਾਜਾਈ ਵਧਾ ਦਿੱਤੀ ਹੈ। ਪਾਕਿਸਤਾਨ ਨੇ ਆਪਣੇ 80 ਜੈੱਟ ਜਹਾਜ਼ਾਂ ਨੂੰ ਅੱਗੇ ਵਾਲੇ ਏਅਰਬੇਸਾਂ ‘ਤੇ ਤਾਇਨਾਤ ਕੀਤਾ ਹੈ। ਫੌਜ ਨੂੰ ਐਲਓਸੀ ਵੱਲ ਭੇਜ ਦਿੱਤਾ ਗਿਆ ਹੈ।

ਪਾਕਿਸਤਾਨ ਨੇ ਆਪਣੀਆਂ ਬੰਦਰਗਾਹਾਂ ਵਿੱਚ ਭਾਰਤੀ ਝੰਡੇ ਲਹਿਰਾਉਣ ਵਾਲੇ ਜਹਾਜ਼ਾਂ ਦੇ ਦਾਖਲੇ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਦਰਅਸਲ, ਇੱਕ ਦਿਨ ਪਹਿਲਾਂ, ਭਾਰਤ ਨੇ ਪਾਕਿਸਤਾਨ ਤੋਂ ਦਰਾਮਦ ਬੰਦ ਕਰ ਦਿੱਤੀ ਸੀ ਅਤੇ ਬੰਦਰਗਾਹਾਂ ‘ਤੇ ਪਾਕਿਸਤਾਨੀ ਝੰਡਾ ਲਹਿਰਾਉਣ ਵਾਲੇ ਜਹਾਜ਼ਾਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਸੀ।