India

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸਿੰਘੂ ਬਾਰਡਰ ‘ਤੇ ਜੀਉ ਦੇ ਸਿੰਮ ਸਾੜ ਕੇ ਕਾਰਪੋਰੇਟ ਘਰਾਣਿਆਂ ਦਾ ਕੀਤਾ ਵਿਰੋਧ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਨੇ ਅੱਜ ਦਿੱਲੀ ਦੇ ਸਿੰਘੂ-ਕੁੰਡਲੀ ਬਾਰਡਰ ‘ਤੇ ਜੀਉ ਦੀਆਂ ਸਿੰਮਾਂ ਸਾੜ ਕੇ ਕਾਰਪੋਰੇਟ ਘਰਾਣਿਆਂ ਦੇ ਪ੍ਰੋਡਕਟਾਂ ਦਾ ਬਾਈਕਾਟ ਕੀਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ “ਸਾਡੀ ਦੇਸ਼ ਦੀ ਰਾਜਨੀਤੀ ਨੂੰ ਕਾਰਪੋਰੇਟ ਘਰਾਣੇ ਚਲਾ ਰਹੇ ਹਨ। ਅੰਬਾਨੀ ਅਤੇ ਅਡਾਨੀ ਮੋਦੀ ਨੂੰ ਚਲਾ ਰਹੇ ਹਨ।

ਜੇ ਅਸੀਂ ਕਾਰਪੋਰੇਟ ਘਰਾਣਿਆਂ ਦੇ ਮਸ਼ਹੂਰ ਪ੍ਰੋਡਕਟਸ ਦਾ ਬਾਈਕਾਟ ਕਰਾਂਗੇ ਤਾਂ ਫਿਰ ਅਸੀਂ ਮੋਦੀ ਤੋਂ ਕਾਨੂੰਨ ਵਾਪਸ ਕਰਵਾਉਣ ਵਿੱਚ ਕਾਮਯਾਬ ਰਹਾਂਗੇ। ਪੰਧੇਰ ਨੇ ਮੋਦੀ ਨੂੰ ਕਿਹਾ ਕਿ ਉਹ ਵਪਾਰੀਆਂ, ਵੱਡੇ ਕਾਰਪੋਰੇਟਾਂ ਨੂੰ ਛੂਟ ਦੇ ਕੇ ਕਿਸਾਨਾਂ ਦਾ ਨਾਂ ਲੈ ਰਹੇ ਹਨ।

ਪੰਧੇਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੋਲ ਸਾਡੇ ਨਾਲ ਗੱਲ ਕਰਨ ਦਾ ਸਮਾਂ ਹੀ ਨਹੀਂ ਹੈ। ਇਹ ਅੰਦੋਲਨ ਲਗਾਤਾਰ ਜਾਰੀ ਰਹੇਗਾ। ਪੰਧੇਰ ਨੇ ਗੁਰਦਾਸਪੁਰ ਦੇ ਕਿਸਾਨਾਂ ਦੇ ਜਥੇ ਨੂੰ ਵੱਡੀ ਗਿਣਤੀ ਵਿੱਚ ਦਿੱਲੀ ਆਉਣ ਦੀ ਬੇਨਤੀ ਕੀਤੀ। ਪੰਧੇਰ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕੱਲ੍ਹ ਟਿੱਕਰੀ ਬਾਰਡਰ ‘ਤੇ ਸ਼ਾਮ 4 ਵਜੇ ਪ੍ਰੈੱਸ ਕਾਨਫਰੰਸ ਕਰੇਗੀ। 18 ਦਸੰਬਰ ਨੂੰ ਦੋਵੇਂ ਜਥੇਬੰਦੀਆਂ ਸਾਂਝੀ ਪ੍ਰੈੱਸ ਕਾਨਫਰੰਸ ਕਰਨਗੇ ਅਤੇ ਪ੍ਰੈੱਸ ਨੂੰ ਅਗਲੀ ਰਣਨੀਤੀ ਬਾਰੇ ਦੱਸਿਆ ਜਾਵੇਗਾ।

ਸੁਪਰੀਮ ਕੋਰਟ ਵਿੱਚ ਕਿਸਾਨਾਂ ਦੇ ਅੰਦੋਲਨ ਨੂੰ ਖਤਮ ਕਰਨ ਦੇ ਲਈ ਪਾਈ ਗਈ ਪਟੀਸ਼ਨ ‘ਤੇ ਪੰਧੇਰ ਨੇ ਕਿਹਾ ਕਿ ਕੋਰੋਨਾ ਦੀ ਆੜ ਹੇਠ ਕਿਸਾਨਾਂ ਦੇ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੁਪਰੀਮ ਕੋਰਟ ਨੂੰ ਕੇਂਦਰ ਸਰਕਾਰ ਨੂੰ ਫਿਟਕਾਰ ਪਾਉਣੀ ਚਾਹੀਦੀ ਹੈ ਕਿ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਮੰਨੇ ਅਤੇ ਸਾਰੇ ਮਸਲੇ ਦਾ ਹੱਲ ਕਰਾਵੇ।