ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਦੋ ਪ੍ਰਮੁੱਖ ਧਾਰਮਿਕ ਸਥਾਨਾਂ ਲਕਸ਼ਮੀ ਨਰਾਇਣ ਮੰਦਰ (ਸਰੀ) ਅਤੇ ਰੌਸ ਸਟਰੀਟ ਗੁਰਦੁਆਰਾ (ਵੈਨਕੂਵਰ) ਵਿੱਚ 19 ਅਪ੍ਰੈਲ ਦੀ ਸਵੇਰ ਨੂੰ ਸਵੇਰੇ 3 ਵਜੇ ਦੇ ਕਰੀਬ ਭੰਨ-ਤੋੜ ਕੀਤੀ ਗਈ ਸੀ। ਹੁਣ ਸਰੀ ਪੁਲਿਸ ਸਰਵਿਸ ਅਤੇ ਵੈਨਕੂਵਰ ਪੁਲਿਸ ਡਿਪਾਰਟਮੈਂਟ ਨੇ ਦੋਸ਼ੀਆਂ ਦੀਆਂ CCTV ਤਸਵੀਰਾਂ ਜਾਰੀ ਕੀਤੀਆਂ ਹਨ।
ਸਥਾਨਕ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਸਬੰਧੀ ਕੋਈ ਵੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ। ਪੁਲਿਸ ਮੁਤਾਬਕ ਮੌਕੇ ‘ਤੇ ਲੱਗੇ ਸੁਰੱਖਿਆ ਕੈਮਰਿਆਂ ਨੇ ਸ਼ੱਕੀ ਵਿਅਕਤੀ ਚਿੱਟੇ ਰੰਗ ਦੇ ਪਿਕਅੱਪ ਟਰੱਕ ‘ਚ ਆਉਂਦੇ ਦੇਖੇ ਗਏ ਅਤੇ ਹੁਣ ਇਨ੍ਹਾਂ ਸ਼ੱਕੀਆਂ ਦੀਆਂ ਤਸਵੀਰਾਂ ਜਨਤਕ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਲੋਕਾਂ ਦੀ ਮਦਦ ਨਾਲ ਇਨ੍ਹਾਂ ਦੀ ਪਛਾਣ ਕੀਤੀ ਜਾ ਸਕੇ।
ਸਰੀ ਪੁਲਿਸ ਨੇ ਕਿਹਾ ਹੈ ਕਿ ਇਹ ਇੱਕ ਗੰਭੀਰ ਅਪਰਾਧਿਕ ਕਾਰਵਾਈ ਹੈ ਅਤੇ ਉੱਚ ਪਹਿਲ ਦੇ ਆਧਾਰ ‘ਤੇ ਜਾਂਚ ਕੀਤੀ ਜਾ ਰਹੀ ਹੈ। ਵੈਨਕੂਵਰ ਪੁਲਿਸ ਵਿਭਾਗ ਨੇ ਇਸ ਦੀ ਸੰਭਾਵੀ ਨਫ਼ਰਤ ਤੋਂ ਪ੍ਰੇਰਿਤ ਘਟਨਾ ਵਜੋਂ ਜਾਂਚ ਸ਼ੁਰੂ ਕਰ ਦਿੱਤੀ ਹੈ।