India Punjab

ਹਾਈਲੈਵਲ ਮੀਟਿੰਗ ਤੋਂ ਬਾਅਦ CM ਮਾਨ ਦਾ ਵੱਡਾ ਬਿਆਨ

ਚੰਡੀਗੜ੍ਹ : ਕਸ਼ਮੀਰ ਦੇ ਪਹਿਲਗਾਮ ‘ਚ ਸੈਲਾਨੀਆਂ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੰਜਾਬ ਸਰਕਾਰ ਵੀ ਚੌਕੰਨੀ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਵੇਰੇ 11 ਵਜੇ ਆਪਣੇ ਨਿਵਾਸ ਸਥਾਨ ‘ਤੇ ਉੱਚ ਪੱਧਰੀ ਸੁਰੱਖਿਆ ਮੀਟਿੰਗ ਬੁਲਾਈ ਗਈ। ਮੀਟਿੰਗ ਤੋਂ ਮੀਡੀਆ ਨਾਲ ਗੱਲ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਦੌਰਾਨ ਕਈ ਨੁਕਤਿਆਂ ‘ਤੇ ਚਰਚਾ ਹੋਈ। ਪੰਜਾਬ ਪੁਲਿਸ ਅਲਰਟ ਮੋਡ ‘ਤੇ ਹੈ।

ਸਾਰੇ ਸੈਰ-ਸਪਾਟਾ ਸਥਾਨਾਂ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਉੱਥੇ ਸਿਵਲ ਅਤੇ ਵਰਦੀਧਾਰੀ ਪੁਲਿਸ ਵਾਲੇ ਤਾਇਨਾਤ ਕੀਤੇ ਜਾਣਗੇ। ਇਸ ਤੋਂ ਇਲਾਵਾ, ਪੰਜਾਬ ਤੋਂ ਉਨ੍ਹਾਂ ਲੋਕਾਂ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜੋ ਸੈਰ-ਸਪਾਟੇ ਲਈ ਉੱਥੇ ਗਏ ਸਨ ਅਤੇ ਉੱਥੇ ਫਸੇ ਹੋਏ ਹਨ। ਜੰਮੂ-ਕਸ਼ਮੀਰ ਸਰਕਾਰ ਪੁਲਿਸ ਅਤੇ ਪ੍ਰਸ਼ਾਸਨ ਦੇ ਸੰਪਰਕ ਵਿੱਚ ਹੈ। ਉੱਥੇ ਫਸੇ ਸਾਰੇ ਲੋਕਾਂ ਨੂੰ ਸੈਰ-ਸਪਾਟਾ ਵਿਭਾਗ ਪਠਾਨਕੋਟ ਰਾਹੀਂ ਘਰ ਪਹੁੰਚਾਏਗਾ।

ਇਸ ਹਮਲੇ ਦੀ ਨਿੰਦਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ। ਕੋਈ ਧਰਮ ਅਜਿਹਾ ਨਹੀਂ ਕਰਦਾ, ਪਤਨੀ ਸਾਹਮਣੇ ਪਤੀ ਨੂੰ ਗੋਲੀ ਮਾਰ ਦਿੱਤੀ ਗਈ, ਕੋਈ ਧਰਮ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਨੌਵੇਂ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਬਚਾਉਣ ਲਈ ਸ਼ਹੀਦਤ ਦਿੱਤੀ। ਅੱਜ ਜੋ ਵੀ ਅੱਤਵਾਦੀਆਂ ਵੱਲੋਂ ਕੀਤਾ ਗਿਆ ਹੈ, ਇਹ ਨਿੰਦਣਯੋਗ ਹੈ।

ਮਾਨ ਨੇ ਕਿਹਾ ਕਿ ਪੰਜਾਬ ਵਿਚ ਸ਼ਾਂਤੀ ਬਣਾਈ ਰੱਖਣਾ ਸਾਡੀ ਪਹਿਲ ਹੈ। ਪੰਜਾਬ ਵਿਚ ਸਰਹੱਦ ਪਾਰੋਂ ਲਗਾਤਾਰ ਸਾਜ਼ਿਸ਼ਾਂ ਹੋ ਰਹੀਆਂ ਹਨ। ਉਹ ਡਰੋਨ ਭੇਜ ਰਹੇ ਹਨ ਗ੍ਰਨੇਡ ਸੁੱਟੇ ਜਾਂਦੇ ਹਨ। ਪੰਜਾਬ ਪੁਲਸ ਡਰੋਨ ਰਿਸੀਵ ਕਰਨ ਵਾਲਿਆਂ ਨੂੰ ਫੜ ਰਹੀ ਹੈ। ਡਰੋਨ ਸੁੱਟਣ ਵਾਲਿਆਂ ਨੂੰ ਪੰਜਾਬ ਪੁਲਿਸ ਨੇ 24 ਘੰਟਿਆਂ ਦੇ ਅੰਦਰ ਅੰਦਰ ਦਬੋਚ ਲਿਆ। ਕਈਆਂ ਦਾ ਐਨਕਾਊਂਟਰ ਕੀਤਾ ਗਿਆ ਅਤੇ ਕਈਆਂ ਨੂੰ ਗ੍ਰਿਫ਼ਤਾਰ। ਜੇ ਉਨ੍ਹਾਂ ਨੂੰ ਸਮੇਂ ਸਿਰ ਨਾ ਫੜਿਆ ਜਾਂਦਾ ਤਾਂ ਉਨ੍ਹਾਂ ਦੇ ਹੌਂਸਲੇ ਵੱਧਦੇ ਅਤੇ ਉਹ ਹੋਰ ਵਾਰਦਾਤਾਂ ਨੂੰ ਅੰਜਾਮ ਦਿੰਦੇ। ਇਸ ਤੋਂ ਇਲਾਵਾ ਪੰਜਾਬ ਅੰਦਰ ਡਰੋਨ ਦਾ ਸਮਾਨ ਚੁੱਕਣ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਬੀ. ਐੱਸ. ਐੱਫ. ਨਾਲ ਮਿਲ ਕੇ ਕੰਮ ਕਰ ਰਹੀ ਹੈ।

ਇਸ ਦੌਰਾਨ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਅਸੀਂ ਸੂਬੇ ਦੀ ਸਕਿਓਰਿਟੀ ਬੇਹੱਦ ਟਾਈਟ ਕੀਤੀ ਹੈ। ਅਸੀਂ ਜੇ. ਐਂਡ. ਕੇ ਨਾਲ ਤਾਲਮੇਲ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੱਜ ਪੂਰੇ ਦੇਸ਼ ਦੀ ਲੜਾਈ ਲੜ ਰਿਹਾ ਹੈ। ਪੰਜਾਬ ਪੁਲਿਸ ਵੱਲੋਂ ਦੇਸ਼ ਵਿਰੋਧੀ ਤਾਕਤਾਂ ਦੀਆਂ ਕੋਸ਼ਿਸ਼ਾਂ ਨੂੰ ਲਗਾਤਾਰ ਨਾਕਾਮ ਕੀਤਾ ਜਾ ਰਿਹਾ ਹੈ। ਪੰਜਾਬ ਨੇ ਹਰ ਨਾਪਾਕ ਕੋਸ਼ਿਸ਼ ਦਾ ਮੂੰਹ ਤੋੜ ਜਵਾਬ ਦਿੱਤਾ। ਪੰਜਾਬ ਬਿਲਕੁਲ ਸੁਰੱਖਿਅਤ ਹੱਥਾਂ ਵਿਚ ਹੈ।