ਕਪੂਰਥਲਾ ਜ਼ਿਲ੍ਹੇ ਦੇ ਬੇਗੋਵਾਲ ਕਸਬੇ ਦੇ ਤਿੰਨ ਪਿੰਡਾਂ ਵਿੱਚ ਕਣਕ ਦੇ ਖੇਤਾਂ ਨੂੰ ਅੱਗ ਲੱਗ ਗਈ। ਤਲਵਾੜਾ, ਖੱਸਣ ਅਤੇ ਮਾਡਲ ਟਾਊਨ ਵਿੱਚ ਲੱਗੀ ਇਸ ਅੱਗ ਵਿੱਚ 200 ਏਕੜ ਕਣਕ, ਨਾੜ ਅਤੇ ਚਾਰਾ ਸੜ ਕੇ ਸੁਆਹ ਹੋ ਗਿਆ। ਅੱਗ ਇੰਨੀ ਭਿਆਨਕ ਸੀ ਕਿ ਇਸ ਦੀਆਂ ਲਪਟਾਂ ਅਸਮਾਨ ਤੱਕ ਪਹੁੰਚ ਰਹੀਆਂ ਸਨ।
ਇਸ ਹਾਦਸੇ ਵਿੱਚ ਕਈ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਪਿੰਡ ਤਲਵਾੜਾ ਦੇ ਮੌਜੂਦਾ ਸਰਪੰਚ ਦਵਿੰਦਰ ਸਿੰਘ ਦੀ ਸਾਢੇ ਪੰਜ ਏਕੜ ਕਣਕ ਅਤੇ 15 ਏਕੜ ਨਾੜ ਸੜ ਗਿਆ। ਸਾਬਕਾ ਸਰਪੰਚ ਗੁਰਮੀਤ ਸਿੰਘ ਦੀ 40 ਏਕੜ ਨਾੜ ਨਸ਼ਟ ਹੋ ਗਈ। ਬੂਟਾ ਸਿੰਘ ਦੀ 10 ਏਕੜ ਕਣਕ ਤੇ 6 ਏਕੜ ਨਾੜ, ਗੁਰਚਰਨ ਸਿੰਘ ਦੀ 11 ਏਕੜ ਕਣਕ ਤੇ 15 ਏਕੜ ਨਾੜ ਤੇ ਅਰਜਨ ਸਿੰਘ ਦੀ 2 ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ।
ਜਾਣਕਾਰੀ ਅਨੁਸਾਰ ਭੁਲੱਥ ਅਤੇ ਕਰਤਾਰਪੁਰ ਤੋਂ ਮੰਗਵਾਈਆਂ ਚਾਰ ਬ੍ਰਿਗੇਡ ਗੱਡੀਆਂ ਅਤੇ ਟਰੈਕਟਰਾਂ ਦੀ ਮਦਦ ਨਾਲ ਦੋ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਸਾਬਕਾ ਸਰਪੰਚ ਸਤਵਿੰਦਰ ਸਿੰਘ ਨਸੀਬ ਅਨੁਸਾਰ ਬੂਟਾ ਸਿੰਘ ਦੀ ਕੰਬਾਈਨ ਅਤੇ ਰੀਪਰ ਨਾਲ ਕਣਕ ਦੀ ਵਾਢੀ ਚੱਲ ਰਹੀ ਸੀ। ਇਸ ਦੌਰਾਨ ਅਚਾਨਕ ਅੱਗ ਲੱਗ ਗਈ। ਕੁਝ ਹੀ ਮਿੰਟਾਂ ਵਿਚ ਸਭ ਕੁਝ ਸੜ ਕੇ ਸੁਆਹ ਹੋ ਗਿਆ।