ਵਾਰਿਸ ਪੰਜਾਬ ਦੇ ਅਕਾਲੀ ਦਲ ਮੋਗਾ ਜਥੇਬੰਦੀ ਦੇ ਬੈਨਰ ਹੇਠ ਵਾਇਰਲ ਹੋਈ ਇੱਕ ਚੈਟ ਕਾਰਨ ਪਿਛਲੇ 24 ਘੰਟਿਆਂ ਤੋਂ ਪੰਜਾਬ ਦੀ ਰਾਜਨੀਤੀ ਗਰਮਾਈ ਹੋਈ ਹੈ। ਹੁਣ ਪੰਜਾਬ ਪੁਲਿਸ ਵੀ ਇਸ ਮਾਮਲੇ ਵਿੱਚ ਐਕਸ਼ਨ ਮੋਡ ਵਿੱਚ ਆ ਗਈ ਹੈ। ਅਕਾਲੀ ਦਲ ਮੋਗਾ ਨਾਂ ‘ਤੇ ਬਣਾਏ ਗਏ ਇੱਕ ਵਟਸਐਪ ਗਰੁੱਪ ਵਿੱਚੋਂ ‘ਗੱਡੀ ਚਾੜ੍ਹਨ’ ਬਾਰੇ ਵਾਇਰਲ ਹੋਈ ਚੈਟ ਦੇ ਮਾਮਲੇ ਚ ਮੋਗਾ ਪੁਲਿਸ ਵੱਲੋਂ ਗੰਭੀਰ ਕਦਮ ਚੁੱਕਦੇ ਹੋਏ UAPA ਅਤੇ ਹੋਰ ਕਾਨੂੰਨੀ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਦੋ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਫੜੇ ਗਏ ਲੋਕਾਂ ਵਿੱਚੋਂ ਇੱਕ ਮੋਗਾ ਦਾ ਅਤੇ ਦੂਜਾ ਖੰਨਾ ਦਾ ਰਹਿਣ ਵਾਲਾ ਹੈ।
DIG ਅਸ਼ਵਨੀ ਕਪੂਰ ਨੇ ਮੀਡੀਆ ਨੂੰ ਦੱਸਿਆ ਕਿ ਇਹ ਚੈਟ ਕੱਲ੍ਹ ਵਾਇਰਲ ਹੋਈ ਸੀ, ਜਿਸ ਵਿੱਚ ਕਈ ਸਿਆਸੀ ਨੇਤਾਵਾਂ, ਜਿਵੇਂ ਕਿ ਬਿਕਰਮ ਮਜੀਠੀਆ ਅਤੇ ਰਵਨੀਤ ਬਿੱਟੂ ਆਦਿ, ਨੂੰ ਨੁਕਸਾਨ ਪਹੁੰਚਾਉਣ ਦੀਆਂ ਗੱਲਾਂ ਕੀਤੀਆਂ ਗਈਆਂ ਸਨ। ਇਨ੍ਹਾਂ ਚੈਟਸ ਵਿਚ ਅੰਮ੍ਰਿਤਪਾਲ ਸਿੰਘ ਦੀ ਗਿਰਫ਼ਤਾਰੀ ‘ਤੇ ਰੋਸ਼, ਅਤੇ ਵੱਖ-ਵੱਖ ਨੇਤਾਵਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸੰਕੇਤ ਦਿੱਤੇ ਗਏ ਸਨ।
ਮਾਮਲੇ ‘ਚ ਤੁਰੰਤ ਕਾਰਵਾਈ ਕਰਦਿਆਂ, ਮੋਗਾ ਸਾਈਬਰ ਥਾਣੇ ‘ਚ ਅੱਜ ਸਵੇਰੇ ਐਫਆਈਆਰ ਨੰਬਰ 2/21.04.2025 ਦਰਜ ਕੀਤੀ ਗਈ ਹੈ। ਪੁਲਿਸ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਹੋਰਾਂ ਦੀ ਪਛਾਣ ਜਾਰੀ ਹੈ। DIG ਕਪੂਰ ਨੇ ਕਿਹਾ ਕਿ ਗਰੁੱਪ ‘ਚ ਲਗਭਗ 25-30 ਲੋਕ ਸਨ, ਜਿਨ੍ਹਾਂ ਵਿਚੋਂ ਬਹੁਤ ਸਾਰੇ ਹਜੇ ਅਣਪਛਾਤੇ ਹਨ।
ਪੁਲਿਸ ਵੱਲੋਂ ਇਨ੍ਹਾਂ ਵਿਅਕਤੀਆਂ ਉੱਤੇ ਭਾਰਤ ਦੀ ਅੱਖਰਮਾਨਤਾ ਖਿਲਾਫ ਸਾਜ਼ਿਸ਼, ਵਾਧੂ ਤਣਾਅ ਪੈਦਾ ਕਰਨ, ਅਤੇ ਉਕਸਾਊ ਭਾਸ਼ਾ ਵਰਤਣ ਲਈ UAPA, IT Act (60, 66A), ਅਤੇ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ 113, 152, 153 ਆਦਿ ਹੇਠ ਕਾਰਵਾਈ ਕੀਤੀ ਜਾ ਰਹੀ ਹੈ।
DIG ਕਪੂਰ ਨੇ ਇਹ ਵੀ ਦੱਸਿਆ ਕਿ ਚੈਟ ਵਿਚ ਕਈ ਲੋਕ ਆਪਣੇ ਆਪ ਨੂੰ ਵਲੰਟੀਅਰ ਵਜੋਂ ਪੇਸ਼ ਕਰ ਰਹੇ ਸਨ ਅਤੇ ਭਵਿੱਖ ਵਿੱਚ ਹਿੰਸਕ ਕਾਰਵਾਈ ਕਰਨ ਦੀ ਗੱਲ ਕਰ ਰਹੇ ਸਨ। ਉਨ੍ਹਾਂ ਉੱਤੇ ਵੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਜਿਵੇਂ ਜਿਵੇਂ ਪਛਾਣ ਹੋਏਗੀ, ਉਨ੍ਹਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ। ਪੁਲਿਸ ਨੇ ਸਾਫ਼ ਕੀਤਾ ਕਿ ਪੰਜਾਬ ‘ਚ ਕਾਨੂੰਨ ਅਤੇ ਵਿਵਸਥਾ ਨੂੰ ਕਦੇ ਵੀ ਖ਼ਤਰੇ ‘ਚ ਨਹੀਂ ਆਉਣ ਦਿੱਤਾ ਜਾਵੇਗਾ। ਫ਼ਰਜ਼ੀ ਗਰੁੱਪਾਂ ਅਤੇ ਉਕਸਾਊ ਚੈਟ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਰਹੇਗੀ।
ਗ੍ਰਹਿ ਮੰਤਰੀ ਸਮੇਤ ਤਿੰਨ ਆਗੂਆਂ ‘ਤੇ ਹਮਲੇ ਦੀ ਚਰਚਾ ਸੀ
ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ ਕਿ ਅੰਮ੍ਰਿਤਪਾਲ ਸਿੰਘ ‘ਤੇ ਲਗਾਈ ਗਈ NSA ਦੀ ਮਿਆਦ ਵਧਾਈ ਜਾ ਰਹੀ ਹੈ। ਉਦੋਂ ਤੋਂ, ਇੱਕ ਵਟਸਐਪ ਗਰੁੱਪ ਚੈਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਇਸ ਵਿੱਚ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ, ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਹਮਲਾ ਕਰਨ ਦੀ ਗੱਲ ਕੀਤੀ ਗਈ ਸੀ। ਰਵਨੀਤ ਸਿੰਘ ਬਿੱਟੂ ਨੇ ਇਸ ਮਾਮਲੇ ਵਿੱਚ ਸਵਾਲ ਉਠਾਏ ਸਨ। ਉਨ੍ਹਾਂ ਕਿਹਾ ਕਿ ਇਹ ਲੋਕ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਫਿਰ ਮਜੀਠੀਆ ਨੇ ਇਸ ਮਾਮਲੇ ਵਿੱਚ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਇਹ ਘਟਨਾ ਦੋਸ਼ੀਆਂ ਨੂੰ ਪੰਜਾਬ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਤਬਦੀਲ ਕਰਨ ਤੋਂ ਬਾਅਦ ਵਾਪਰੀ।