India

ਕੱਲ੍ਹ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਲੀਡਰ ਕਰਨਗੇ ਭੁੱਖ ਹੜਤਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੱਲ੍ਹ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਲੀਡਰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਇੱਕ ਦਿਨ ਲਈ ਭੁੱਖ ਹੜਤਾਲ ਕਰਨਗੇ। ਕੱਲ੍ਹ ਦੇਸ਼ ਦੇ ਸਾਰੇ ਜ਼ਿਲ੍ਹਾ ਹੈਡਕੁਆਰਟਰਾਂ ਅੱਗੇ ਸਵੇਰ ਤੋਂ ਸ਼ਾਮ ਤੱਕ ਧਰਨੇ ਪ੍ਰਦਰਸ਼ਨ ਵੀ ਕੀਤੇ ਜਾਣਗੇ।

ਕਿਸਾਨਾਂ ਨੇ ਕਿਹਾ ਕਿ ਅਸੀਂ ਅੰਦੋਲਨ ਨੂੰ ਹਾਲੇ ਤੱਕ ਇੱਥੋਂ ਤੱਕ ਹੀ ਸੀਮਤ ਰੱਖਾਂਗੇ ਕਿਉਂਕਿ ਜੇਕਰ ਸਰਕਾਰ ਸਾਡੇ ਨਾਲ ਗੱਲ ਕਰਨਾ ਚਾਹੁੰਦੀ ਹੈ ਤਾਂ ਅਸੀਂ ਹਰ ਵਕਤ ਤਿਆਰ ਹਾਂ। ਇੱਕ ਵੀ ਕਿਸਾਨ ਸੰਗਠਨ ਸੰਯੁਕਤ ਕਿਸਾਨ ਮੋਰਚੇ ਤੋਂ ਬਾਹਰ ਨਹੀਂ ਗਿਆ, ਅਸੀਂ ਸਾਰੇ ਇੱਕਮੁੱਠ ਹੋ ਕੇ ਅੰਦੋਲਨ ਲੜ ਰਹੇ ਹਾਂ।

ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਮੈਨੂੰ ਇੱਕ ਵੱਡੇ ਅਫਸਰ ਨੇ ਕਿਹਾ ਕਿ ਤੁਸੀਂ 1 ਲੱਖ ਆੜ੍ਹਤੀਆਂ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਮੈਂ ਕਿਹਾ ਕਿ ਹਾਂ, ਅਸੀਂ ਇੱਕ ਲੱਖ ਆੜ੍ਹਤੀਆਂ ਨੂੰ ਬਚਾਉਣਾ ਚਾਹੁੰਦੇ ਹਾਂ ਕਿਉਂਕਿ ਉਹ ਸਾਡੇ ਲਈ ਇੱਕ ਤਰ੍ਹਾਂ ਨਾਲ ਬੈਂਕ ਹਨ ਕਿਉਂਕਿ ਜੇ ਸਾਨੂੰ ਰਾਤ ਨੂੰ ਹੀ ਪੈਸਿਆਂ ਦੀ ਲੋੜ ਪੈ ਜਾਵੇ ਤਾਂ ਅਸੀਂ ਉਨ੍ਹਾਂ ਤੋਂ ਮਦਦ ਲੈ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਮੋਦੀ ਦੇ ਦੋ ਆੜ੍ਹਤੀਆਂ ਹਨ, ਉਹ ਉਨ੍ਹਾਂ ਨੂੰ ਬਚਾਉਣਾ ਚਾਹੁੰਦਾ ਹੈ ਕਿਉਂਕਿ ਉਸਨੂੰ ਉਨ੍ਹਾਂ ਕੋਲੋਂ ਪੈਸਾ ਮਿਲਦਾ ਹੈ। ਇਸ ਕਰਕੇ ਸਾਰਾ ਦੇਸ਼ ਤਬਾਹ ਹੋਣ ਜਾ ਰਿਹਾ ਹੈ।

ਕਿਸਾਨਾਂ ਨੇ ਸਾਰੇ ਲੋਕਾਂ ਨੂੰ ਕਿਸਾਨੀ ਅੰਦੋਲਨ ਵਿੱਚ ਵੱਧ ਤੋਂ ਵੱਧ ਸ਼ਾਮਿਲ ਹੋਣ ਦੀ ਅਪੀਲ ਕੀਤੀ। ਕਿਸਾਨਾਂ ਨੇ ਅਡਾਨੀ, ਅੰਬਾਨੀ ਦੇ ਸਾਰੇ ਪ੍ਰੋਡਕਟਸ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ।

ਕਿਸਾਨਾਂ ਨੇ 19 ਦਸੰਬਰ ਦਾ ਪ੍ਰਗਰਾਮ ਰੱਦ ਕਰ ਦਿੱਤਾ ਹੈ ਜੋ ਕਿ ਹੁਣ ਕੱਲ੍ਹ ਲਾਗੂ ਕੀਤਾ ਜਾਵੇਗਾ। ਕੱਲ੍ਹ ਹੀ ਸਾਰੇ ਕਿਸਾਨ ਸੰਗਠਨਾਂ ਦੇ ਲੀਡਰ ਭੁੱਖ ਹੜਤਾਲ ‘ਤੇ ਬੈਠਣਗੇ। 19 ਦਸੰਬਰ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਭੁੱਖ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਸੀ ਪਰ ਸਾਰੇ ਕਿਸਾਨ ਸੰਗਠਨਾਂ ਦੀ ਮੀਟਿੰਗ ਤੋਂ ਬਾਅਦ ਇਹ ਫੈਸਲਾ ਰੱਦ ਕਰ ਦਿੱਤਾ ਗਿਆ ਹੈ।