Punjab

ਪਖਾਨਿਆਂ ਦੇ ਮਾਮਲੇ ਤੇ ਮੰਤਰੀ ਹਰਜੋਤ ਬੈਂਸ ਦਾ ਵਿਰੋਧੀਆਂ ਨੂੰ ਜਵਾਬ

ਬਿਉਰੋ ਰਿਪੋਰਟ – ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਖਾਨਿਆਂ ਦੀ ਉਸਾਰੀ ਤੋਂ ਬਾਅਦ ਨੀਂਹ ਪੱਥਰ ਰੱਖਣ ‘ਤੇ ਕੀਤੀ ਜਾ ਰਹੀ ਰਾਜਨੀਤੀ ‘ਤੇ ਵਿਰੋਧੀ ਪਾਰਟੀ ਕਾਂਗਰਸ, ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਜਵਾਬ ਦਿੱਤਾ ਹੈ। ਰੂਪਨਗਰ ਦੇ ਸਕੂਲ ਪਹੁੰਚੇ ਮੰਤਰੀ ਬੈਂਸ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਇਹ ਪਾਰਟੀਆਂ ਸੂਬੇ ਦੇ ਸਕੂਲਾਂ ਵਿੱਚ ਪਖਾਨਿਆਂ ਵਰਗੀਆਂ ਮੁੱਢਲੀਆਂ ਸਹੂਲਤਾਂ ਵੀ ਨਹੀਂ ਦੇ ਸਕੀਆਂ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ, ਤਾਂ ਸੂਬੇ ਦੇ 3000 ਤੋਂ ਵੱਧ ਸਕੂਲਾਂ ਵਿੱਚ ਬੱਚਿਆਂ ਲਈ ਬਾਥਰੂਮ ਨਹੀਂ ਸਨ। ਹਰਜੋਤ ਬੈਂਸ ਨੇ ਕਿਹਾ ਕਿ ਅੱਜ ਵਿਰੋਧੀ ਧਿਰ ਸਕੂਲਾਂ ਵਿੱਚ ਪਖਾਨਿਆਂ ਦੀਆਂ ਕੰਧਾਂ ‘ਤੇ ਲੱਗੇ ਨਾਮ ਪਲੇਟਾਂ ‘ਤੇ ਸਵਾਲ ਉਠਾ ਰਹੀ ਹੈ, ਪਰ ਉਨ੍ਹਾਂ ਨੂੰ ਸ਼ਰਮ ਨਹੀਂ ਆਈ ਜਦੋਂ ਧੀਆਂ ਨੂੰ ਖੁੱਲ੍ਹੇ ਵਿੱਚ ਸ਼ੌਚ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ, ਅਤੇ ਪਖਾਨਿਆਂ ਦੀ ਘਾਟ ਕਾਰਨ ਸਕੂਲ ਛੱਡ ਰਹੇ ਸਨ। ਉਨ੍ਹਾਂ ਕਿਹਾ, “ਕਾਂਗਰਸ ਅਤੇ ਭਾਜਪਾ ਆਗੂਆਂ ਦੇ ਬੱਚੇ ਜਿੱਥੇ ਪੜ੍ਹਦੇ ਹਨ, ਉਨ੍ਹਾਂ ਸਕੂਲਾਂ ਦੇ ਪਖਾਨਿਆਂ ਵਿੱਚ ਵੀ ਏਸੀ ਲੱਗੇ ਹੋਏ ਹਨ, ਪਰ ਜਦੋਂ ਗਰੀਬਾਂ ਦੇ ਬੱਚਿਆਂ ਦੀ ਗੱਲ ਆਉਂਦੀ ਹੈ, ਤਾਂ ਉਨ੍ਹਾਂ ਕੋਲ ਬਾਥਰੂਮ ਬਣਾਉਣ ਦਾ ਸਮਾਂ ਵੀ ਨਹੀਂ ਸੀ। ਇਨ੍ਹਾਂ ਪਾਰਟੀਆਂ ਨੇ ਸਾਲਾਂ ਤੋਂ ਪੰਜਾਬ ਦੇ ਗਰੀਬਾਂ ਦੇ ਹੱਕਾਂ ਨੂੰ ਹੜੱਪਿਆ ਹੈ ਅਤੇ ਅੱਜ ਜਦੋਂ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਹੱਕ ਦਿੱਤੇ ਹਨ, ਤਾਂ ਉਹ ਈਰਖਾ ਕਰਦੇ ਹਨ।”

ਇਹ ਵੀ ਪੜ੍ਹੋ – ਕਾਲੀਆ ਦੇ ਘਰ ਹਮਲੇ ਦਾ ਫੜਿਆ ਗਿਆ ਮੁਲਜ਼ਮ ਨਿਕਲਿਆ ਪੀੜ੍ਹਤ ! ਅਸਲ ਮੁਲਜ਼ਮ ਸਿਰਫ਼ CCTV ‘ਚ ਕੈਦ