ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਇਸ ਸਮੇਂ ਸਦਨ ਵਿਚ ਸਵਾਲ ਜਵਾਬ ਦੀ ਕਾਰਵਾਈ ਚੱਲ ਰਹੀ ਹੈ। ਪ੍ਰਿੰਸੀਪਲ ਬੁੱਧ ਰਾਮ ਨੇ ਬੁਢਲਾਡਾ ਲਈ ਕਿਰਤ ਇੰਸਪੈਕਟਰ ਦੀ ਮੰਗ ਕੀਤੀ ਅਤੇ ਕਿਰਤੀਆਂ ਨੂੰ ਮਿਲਣ ਵਾਲੀਆਂ ਸਕੀਮਾਂ ਦਾ ਮੁੱਦਾ ਉੱਠਾਇਆ। 27 ਨੰਬਰ ਫਾਰਮ ਸਬੰਧੀ ਵੀ ਗੱਲ ਰੱਖੀ।
ਮੰਤਰੀ ਬਲਜੀਤ ਕੌਰ ਨੇ ਜਵਾਬ ਦਿੰਦਿਆਂ ਆਂਗਣਵਾੜੀ ਵਰਕਰਾਂ ਨੂੰ 9500 ਰੁਪਏ ਮਹੀਨਾ ਦਿੱਤਾ ਜਾ ਰਿਹਾ ਹੈ। ਇਸ ਤਰ੍ਹਾਂ ਹੀ ਹੈਲਪਰਾਂ ਨੂੰ 5100 ਰੁਪਏ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ 500 ਰੁਪਏ ਸਲਾਨਾ ਉਹਨਾਂ ਦਾ ਇੰਕਰੀਮੈਂਟ ਲਗਾਇਆ ਜਾਂਦਾ ਹੈ।
MLA ਹਰਮੀਤ ਸਿੰਘ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਵੱਲੋਂ ਲਗਾਏ ਗਏ ਸ਼ੋਸਲ ਪੈਨਲ ਖਰਾਬ ਹੋਣ ਤੋਂ ਬਾਅਦ 72 ਘੰਟਿਆਂ ਅੰਦਰ ਠੀਕ ਹੋਵੇਗਾ। ਜੇਕਰ ਕੋਈ ਕੰਪਨੀ ਨਹੀਂ ਕਰਦੀ ਤਾਂ ਉਸ ਖਿਲਾਫ ਕਾਰਵਾਈ ਹੋਵੇਗੀ।
ਵਿਧਾਇਕ ਮਨਪ੍ਰੀਤ ਇਆਲੀ ਨੇ ਦਾਖਾ ਨੂੰ ਤਹਿਸੀਲ ਬਣਾਉਣ ਦੀ ਮੰਗ ਕੀਤੀ। ਜਿਸ ਦੇ ਜਵਾਬ ਵਿੱਚ ਮੰਤਰੀ ਨੇ ਕਿਹਾ ਕਿ ਦਾਖਾ ਤਹਿਸੀਲ ਬਣਾਉਣ ਯੋਗ ਨਹੀਂ ਹੈ ਕਿਉਂਕਿ ਇਸ ਲਈ 4 ਤੋਂ 7 ਪਟਵਾਰੀ ਸਰਕਲ ਹੋਣਗੇ ਚਾਹੀਦੇ ਹਨ ਪਰ ਦਾਖਾ ਅੰਦਰ ਇਹ ਸ਼ਰਤ ਪੂਰੇ ਨਹੀਂ ਹੁੰਦੇ।
ਕੁਲਦੀਪ ਸਿੰਘ ਢਿੱਲੋਂ ਦੇ ਜਵਾਬ ਵਿੱਚ ਮੰਤਰੀ ਨੇ ਕਿਹਾ ਕਿ ਸੀਵਰੇਜ਼ ਦੇ ਕੰਮ ਵਿੱਚ ਆ ਰਹੀ ਦੇਰੀ ਨੂੰ ਜਲਦੀ ਠੀਕ ਕਰ ਲਿਆ ਜਾਵੇ। ਕੁਲਦੀਪ ਸਿੰਘ ਢਿੱਲੋਂ ਨੇ ਸਵਾਲ ਕੀਤਾ ਸੀ ਕਿ ਠੇਕੇਦਾਰ ਦੇਰੀ ਕਰ ਰਹੇ ਹਨ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ।
ਸਿਹਤ ਮੰਤਰੀ ਨੇ ਆਫ ਦ ਰਿਕਾਰਡ ਕਿਹਾ ਕਿ ਮੋਬਾਇਲ ਵੈਨਾਂ ਦੁੱਧ ਅਤੇ ਹੋਰ ਖਾਣ ਵਾਲੀਆਂ ਚੀਜ਼ਾਂ ਦੇ ਟੈਸਟ ਕਰਵਾਉਣ ਲਈ ਉੱਪਲਬਧ ਹਨ। ਇਸ ਲਈ ਸਿਰਫ ਫੀਸ 50 ਰੁਪਏ ਲਈ ਜਾਵੇਗੀ।
ਸੀਚੇਵਾਲ ਮਾਡਲ ਨੂੰ ਲੈ ਕੇ ਅੱਜ ਚੱਲਦੀ ਕਾਰਵਾਈ ਵਿਚ ਹੰਗਾਮਾ ਹੋ ਗਿਆ। ਮੰਤਰੀ ਹਰਜੋਤ ਸਿੰਘ ਬੈਂਸ ਤੇ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਤਿੱਖੀ ਬਹਿਸ ਹੋ ਗਈ। ‘ਆਪ’ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਮੁਆਫ਼ੀ ਮੰਗਣ। ਇਸ ਦੌਰਾਨ ਵਿਰੋਧੀ ਧਿਰ ਵਲੋਂ ਸਦਨ ਵਿਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ। ਅਮਨ ਅਰੋੜਾ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਸਿਰਫ਼ ਆਪਣੀ ਗੱਲ ਕਹਿਣ ਲਈ ਕੁਝ ਸਮੇਂ ਲਈ ਹੀ ਸਦਨ ਵਿਚ ਆਏ ਤੇ ਬਿਨ੍ਹਾਂ ਕਿਸੇ ਦੀ ਗੱਲ ਸੁਣੇ ਹੀ ਚਲੇ ਗਏ, ਇਹ ਕਿੱਥੋਂ ਤੱਕ ਸਹੀ ਹੈ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਬਾਜਵਾ ਦੇ ਬਿਆਨ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਦੱਸਿਆ ਕਿ ਸੰਤ ਸੀਚੇਵਾਲ ਨੇ 160 ਕਿਲੋਮੀਟਰ ਲੰਬੀ ਕਾਲੀ ਬੇਈਂ ਨਦੀ ਦੀ ਸਫਾਈ ਕੀਤੀ ਹੈ। ਸਾਬਕਾ ਰਾਸ਼ਟਰਪਤੀ ਏ.ਪੀ.ਜੇ. ਅਬਦੁਲ ਕਲਾਮ ਵੀ ਉਨ੍ਹਾਂ ਦੇ ਕੰਮ ਨੂੰ ਦੇਖਣ ਆਏ ਅਤੇ ਇਸਦੀ ਸ਼ਲਾਘਾ ਕੀਤੀ। ਟਾਈਮ ਮੈਗਜ਼ੀਨ ਨੇ ਵੀ ਉਨ੍ਹਾਂ ਦੇ ਕੰਮ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਉਨ੍ਹਾਂ ਨੂੰ ‘ਪਦਮ ਸ਼੍ਰੀ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਕੋਲ ਬਜਟ ‘ਤੇ ਚਰਚਾ ਕਰਨ ਲਈ ਕੋਈ ਠੋਸ ਮੁੱਦਾ ਨਹੀਂ ਹੈ, ਇਸ ਲਈ ਉਹ ਬਹਿਸ ਤੋਂ ਬਚ ਰਹੇ ਹਨ। ਇਸ ਤੋਂ ਬਾਅਦ ਕਾਂਗਰਸ ਵਲੋਂ ਸਦਨ ’ਚੋਂ ਵਾਕ ਆਊਟ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਸਦਨ ਨੂੰ 15 ਮਿੰਟ ਲਈ ਮੁਲਤਵੀ ਕੀਤਾ ਗਿਆ।