Punjab

ਸੁਖਬੀਰ ਸਿੰਘ ਬਾਦਲ ਦਾ ਮੁੱਖ ਮੰਤਰੀ ਭਗਵੰਤ ਮਾਨ ‘ਤੇ ਕਰਾਰ ਤੰਜ

ਬਿਉਰੋ ਰਿਪੋਰਟ – ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਕਰਾਰ ਤੰਜ ਕੱਸਿਆ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਤਿਹਾਸ ਦੀਆਂ ਕਿਤਾਬਾਂ ਵਿੱਚ ਪੜ੍ਹਿਆ ਸੀ, ਕਦੇ ਲਾਹੌਰ ਵਾਲੇ ਪਾਸਿਓਂ ਆ ਕੇ ਮੁਗ਼ਲ ਧਾੜਵੀ ਪੰਜਾਬ ਨੂੰ ਲੁੱਟਿਆ ਕਰਦੇ ਸਨ। ਹੁਣ ਦਿੱਲੀ ਵਾਲੇ ਧਾੜਵੀ ਪੰਜਾਬ ਨੂੰ ਲੁੱਟਣ ਆ ਗਏ ਹਨ। ਕੌਣ! ਪੰਜਾਬ ਦਾ ਸੁਪਰ ਸੀ.ਐਮ. ਕੇਜਰੀਵਾਲ। ਪੰਜਾਬ ਦਾ ਇੰਚਾਰਜ ਮਨੀਸ਼ ਸਿਸੋਦੀਆ। ਕੋ-ਇੰਚਾਰਜ ਸਤਿੰਦਰ ਜੈਨ। ਚੀਫ਼ ਐਡਵਾਈਜ਼ਰ ਬਿਭਵ ਕੁਮਾਰ। ਚਾਰਾਂ ਦੀ ‘ਕੁਆਲੀਫਿਕੇਸ਼ਨ’? ਜੇਲ੍ਹ-ਯਾਫ਼ਤਾ ਮੁਜ਼ਰਿਮ, ਕਈ ਕੇਸਾਂ ਵਿਚ ਲੋੜੀਂਦੇ ਤੇ ਜ਼ਮਾਨਤਾਂ ‘ਤੇ ਬਾਹਰ। ਦਿੱਲੀ ਦੇ ਲੋਕਾਂ ਨੇ ਚਲਾ ਕੇ ਭੁੰਜੇ ਮਾਰੇ ਪਰ ‘ਮਹਾਨ ਇਨਕਲਾਬੀ’ ਭਗਵੰਤ ਮਾਨ ਨੇ ਭੂੰਜਿਓਂ ਚੁੱਕ ਕੇ ਪੰਜਾਬ ਦੇ ਸਿਰ ਉੱਤੇ ਬਿਠਾ ਦਿੱਤੇ। ਇੱਥੇ ਹੀ ਬੱਸ ਨਹੀਂ। ਰਾਜ ਸਭਾ ਦੀਆਂ ਸੀਟਾਂ ਪੰਜਾਬ ਦੀਆਂ ਪਰ ਮੈਂਬਰ ਕੋਈ ਦਿੱਲੀਓਂ ਤੇ ਕੋਈ ਛੱਤੀਸਗੜ੍ਹ ਤੋਂ। ਪੰਜਾਬ ਤੀਰਥ ਯਾਤਰਾ ਕਰਾਉਣੀ ਪੰਜਾਬੀਆਂ ਨੂੰ ਪਰ ਤੀਰਥ ਤੈਅ ਕਰਨ ਲਈ ਮਹਿਕਮੇ ਦਾ ਮੁੱਖੀ ਫੇਰ ਦਿੱਲੀਓਂ। ਲੋਕ ਪੰਜਾਬ ਦੇ ਪਰ ਲੋਕ ਸੰਪਰਕ ਮਹਿਕਮਾ ਦਿੱਲੀ ਵਾਲਿਆਂ ਕੋਲ। ਧਰਤੀ ਪੰਜਾਬ ਦੀ ਪਰ ਰੀਅਲ ਅਸਟੇਟ ਮਹਿਕਮੇ ਦਾ ਆਗੂ ਗ਼ੈਰ ਪੰਜਾਬੀ। ਹੋਰ ਤਾਂ ਹੋਰ, ਮੰਤਰੀ ਪੰਜਾਬ ਦੇ ਪਰ ਉਨ੍ਹਾਂ ਦੇ ਰਿਮੋਟ ਦੱਬਣ ਲਈ ਉਨ੍ਹਾਂ ਉੱਤੇ ਦਿੱਲੀ ਦੇ ਦੇ-ਦੋ ਪ੍ਰਾਈਵੇਟ ਬੰਦੇ। ਪੰਜ ਸੌ ਸਾਲ ਦੇ ਇਤਿਹਾਸ ਵਿੱਚ ਕਦੇ ਪੰਜਾਬ ਦਿੱਲੀ ਦੇ ਇੰਜ ਥੱਲੇ ਨਹੀਂ ਲੱਗਾ ਜਿਵੇਂ ਅੱਜ ਭਗਵੰਤ ਮਾਨ ਨੇ ਲਾ ਦਿੱਤਾ। ਪੰਜਾਬ ਦੇ ਵਿਧਾਇਕ ਜ਼ੀਰੋ! ਸਾਰੀ ਬਿਓਰੋਕ੍ਰਿਸੀ ਜ਼ੀਰੋ। ਪੁਲਿਸ ਪ੍ਰਸ਼ਾਸਨ ਜ਼ੀਰੋ। ਪੰਜਾਬ ਦੀ ਅਣਖ ਜ਼ੀਰੋ। ਮਾਣ ਜ਼ੀਰੋ। ਇਤਿਹਾਸ ਜ਼ੀਰੋ। ਵੋਟਾਂ ਪਾਉਣ ਵਾਲੇ ਲੋਕ ਜ਼ੀਰੋ। ਹੀਰੋ ਕੌਣ? ਦਿੱਲੀਓਂ ਆਏ ਲੁਟੇਰੇ। ਮਾਨ ਸਾਹਬ! ਸਿਆਣੇ ਕਹਿੰਦੇ ਨੇ, ਪੱਗ ਵੇਚ ਕੇ ਘਿਓ ਨਹੀਂ ਖਾਈਦਾ। ਤੁਸੀਂ ਤਾਂ ਪਤਾ ਨਹੀਂ ਕੀ ਖਾਣ “ਪੀਣ” ਲਈ ਪੂਰਾ ਪੰਜਾਬ ਹੀ ਵੇਚਣ ‘ਤੇ ਉੱਤਰ ਆਏ ਹੋ! ਮੰਨਿਆ ਤੁਹਾਡੀ ਕੋਈ ਗੁੱਝੀ ਨੱਸ ਹੈ ਦਿੱਲੀ ਵਾਲਿਆਂ ਕੋਲ ਜੋ ਇੰਨਾ ਜਲੀਲ ਹੋ ਕੇ ਵੀ ਕੁਰਸੀ ਨੂੰ ਚਿੰਬੜੇ ਹੋਏ ਹੋ। ਪਰ ਪੰਜਾਬ ਨੂੰ ਤਾਂ ਜਲੀਲ ਨਾ ਕਰੋ। ਕਹਿੰਦੇ ਹੋ ਖੁਦ ਨੂੰ ਪੰਜਾਬ ਦਾ ਪੁੱਤਰ ਪਰ ਕੰਮ ਸਾਰੇ ਕਪੁੱਤਰਾਂ ਵਾਲੇ। ਕੁਝ ਤਾਂ ਸ਼ਰਮ ਕਰੋ!

ਇਹ ਵੀ ਪੜ੍ਹੋ – ਖਰੜ ‘ਚ ਹਿਮਾਚਲ ਦੀ ਬੱਸ ‘ਤੇ ਹਮਲਾ ਕਰਨ ਵਾਲੇ ਮੁਲਜ਼ਮ ਕਾਬੂ