Punjab

ਸਿੱਖਾਂ ਦੀਆਂ ਸੰਸਥਾਵਾਂ ’ਤੇ ਕਬਜ਼ਾ ਕਰਨਾ ਚਾਹੁੰਦੀਆਂ ਨੇ ਵਿਰੋਧੀ ਤਾਕਤਾਂ – ਜਲਜੀਤ ਚੀਮਾ

ਪੰਜਾਬ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਮਾਨ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਇੱਕ ਵਾਰ ਫਿਰ ਤੋਂ ਪੰਜਾਬ ਵਿਰੋਧੀ ਏਜੰਸੀਆਂ ਹੇ ਹੱਥ ਵਿੱਚ ਆ ਰਿਹਾ ਹੈ।

ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੀ ਬੇਕਾਬੂ ਕਾਨੂੰਨ ਵਿਵਸਥਾ, 15 ਤੋਂ ਵੱਧ ਬੰਬ ਧਮਾਕੇ, ਲਗਾਤਾਰ ਵੱਧ ਰਹੇ ਫ਼ਿਰੌਤੀਆਂ ਤੇ ਕਤਲਾਂ ਦੇ ਮਾਮਲੇ !!ਕੀ ਇਹ ਪੰਜਾਬ ਨੂੰ ਮੁੜ ਤੋਂ ਕਾਲੇ ਦੌਰ ਵੱਲ ਲੈ ਕੇ ਜਾਣ ਦੀ ਤਿਆਰੀ ਹੈ ?

ਠਾਕੁਰ ਦੁਆਰਾ ਮੰਦਿਰ, ਸ਼ੇਰ ਸ਼ਾਹ ਸੂਰੀ ਰੋਡ, ਨੇੜੇ ਗਰਨੇਡ ਅਟੈਕ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਘਟਨਾ ਇਸ ਗੱਲ ਦਾ ਸਬੂਤ ਹੈ ਕਿ ਇੱਕ ਵੱਡਾ ਸਾਜਿਸ਼ ਪੰਜਾਬ ਦੀ ਅਮਨ ਕਾਨੂੰਨ ਨੂੰ ਭੰਗ ਕਰਨ ਦੀ ਰਚੀ ਜਾ ਰਹੀ ਹੈ। ਚੀਮਾ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਸਿੱਖਾਂ ਦੇ ਵਿੱਚ ਖਾਨਾਜੰਗੀ ਕਰਾਉਣ ਵਿੱਚ ਲੱਗੀਆਂ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਇੱਕ ਸਾਜਿਸ਼ ਦੇ ਜ਼ਰੀਏ ਸਿੱਖਾਂ ਦੀਆਂ ਸੰਸਥਾਵਾਂ ’ਤੇ ਕਬਜ਼ਾ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।

ਉਨ੍ਹਾਂ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਇਹ ਘਟਨਾ ਸੂਬੇ ਦੀ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਦਾ ਹਿੱਸਾ ਹੈ ਤੇ ਸੂਬੇ ਨੂੰ ਏਜੰਸੀਆਂ ਆਪਣੇ ਹੱਥਾਂ ਵਿਚ ਲੈਣਾ ਚਾਹੁੰਦੀਆਂ ਹਨ। ਉਹਨਾਂ ਕਿਹਾ ਕਿ ਇਲਾਕੇ ਵਿਚ ਇਹ 13ਵਾਂ ਧਮਾਕਾ ਹੈ ਤੇ ਸੂਬੇ ਵਿਚ ਅਮਨ ਸ਼ਾਂਤੀ ਤੇ ਕਾਨੂੰਨ ਵਿਵਸਥਾ ਭੰਗ ਹੋਣ ਦਾ ਪ੍ਰਤੱਖ ਪ੍ਰਮਾਣ ਹੈ।

ਡਾ. ਚੀਮਾ ਨੇ ਹੋਰ ਕਿਹਾ ਕਿ ਇਕ ਪਾਸੇ ਤਾਂ ਕੇਂਦਰੀ ਤੇ ਰਾਜ ਏਜੰਸੀਆਂ ਸਿੱਖਾਂ ਵਿਚ ’ਖਾਨਾਜੰਗੀ’ ਕਰਵਾਉਣਾ ਚਾਹੁੰਦੀਆਂ ਹਨ ਤੇ ਦੂਜੇ ਪਾਸੇ ਸੂਬੇ ਵਿਚ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਸੂਬਾ ਤੇ ਕੇਂਦਰ ਸਰਕਾਰਾਂ ਦੋਵਾਂ ਨੂੰ ਇਹਨਾਂ ਘਟਨਾਵਾਂ ਦੀ ਨੈਤਿਕ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਤੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖਲਅੰਦਾਜ਼ੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤੇ ਉਹਨਾਂ ਤਾਕਤਾਂ ਨੂੰ ਭੜਕਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜੋ ਧੱਕੇ ਨਾਲ ਸਿੱਖ ਸੰਸਥਾਵਾਂ ’ਤੇ ਕਾਬਜ਼ ਹੋਣਾ ਚਾਹੁੰਦੀਆਂ ਹਨ।

ਉਹਨਾਂ ਕਿਹਾ ਕਿ ਬੀਤੇ ਸਮੇਂ ਦੇ ਅਜਿਹੇ ਤਜ਼ਰਬੇ ਖ਼ਤਰਨਾਕ ਸਾਬਤ ਹੋਏ ਹਨੇ ਤੇ ਇਹ ਗਲਤ ਦਿਸ਼ਾ ਵਿਚ ਚੁੱਕੇ ਕਦਮ ਸਾਬਤ ਹੋਏ ਹਨ। ਉਹਨਾਂ ਕਿਹਾ ਕਿ ਸੂਬਾ ਤੇ ਕੇਂਦਰ ਦੋਵਾਂ ਸਰਕਾਰਾਂ ਨੂੰ ਬੀਤੇ ਸਮੇਂ ਤੋਂ ਸਬਕ ਸਿੱਖਣਾ ਚਾਹੀਦਾ ਹੈ।