ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਨੇ ਕਿਹਾ ਕਿ ਸਿੱਖ ਸਿਧਾਂਤਾ ਅਤੇ ਤਖਤ ਸਹਿਬਾਨ ਦੇ ਹੋਏ ਅਪਮਾਨ ਅਤੇ ਪੰਥਕ ਮਰਿਆਦਾ ਦੇ ਹੋਏ ਨਿਰਾਦਰ ਨੂੰ ਵੇਖਦੇ ਹੋਏ 14 ਮਾਰਚ ਨੂੰ ਪੰਜ ਪਿਆਰਾ ਪਾਰਕ ਦੇ ਸਾਹਮਣੇ ਦਮਦਮੀ ਟਕਸਾਲ ਦੇ ਅਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੰਥਕ ਇਕੱਠ ਕੀਤਾ ਜਾ ਰਿਹਾ ਹੈ | ਉਨ੍ਹਾਂ ਸਮੂਹ ਸੰਤ ਸਮਾਜ, ਨਿਹੰਗ ਸਿੰਘ ਜਥੇਬੰਦੀਆਂ, ਸਿੱਖ ਸੰਸਥਾਵਾਂ ਅਤੇ ਸਮੁੱਚੇ ਪੰਥ ਨੂੰ ਬੇਨਤੀ ਕੀਤੀ ਕਿ ਇਸ ਪੰਥਕ ਇਕੱਠ ਵਿੱਚ ਜ਼ਰੂਰ ਪਹੁੰਚਣ।
ਬਾਬਾ ਹਰਨਾਮ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਕਿਹਾ ਹੈ ਕਿ ਕੁਝ ਵਿਅਕਤੀਆਂ ਦੇ ਹਉਮੈ ਅਤੇ ਖੁਦਗਰਜ਼ੀਆਂ ਕਾਰਨ ਪੰਥਕ ਸਿਧਾਂਤਾਂ ਨੂੰ ਦਰਕਿਨਰ ਕੀਤਾ ਜਾ ਰਿਹਾ ਹੈ। ਜਿਸ ਕਰਕੇ ਸ਼੍ਰੋਮਣੀ ਕਮੇਟੀ ਦੀ ਮਰਜ਼ੀ ਨਾਲ ਪੰਥਕ ਭਾਵਨਾਵਾਂ ਤੋਂ ਉਲਟ ਤਖਤਾਂ ਦੇ ਜਥੇਦਾਰਾਂ ਲਗਾਉਣ ਅਤੇ ਲਾਹੁਣ ਦੇ ਫੈਸਲੇ ਲਏ ਗਏ ਹਨ। ਇਹਨਾਂ ਫੈਸਲਿਆਂ ਕਰਕੇ ਹਰੇਕ ਸਿੱਖ ਦੁਖੀ ਹੈ। ਉਹਨਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਸਬਕ ਸਿਖਾਉਣ ਵਾਸਤੇ 14 ਮਾਰਚ ਨੂੰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਸਾਹਮਣੇ ਪੰਜ ਪਿਆਰਾ ਪਾਰਕ ਵਿਖੇ ਦੁਪਹਿਰ 1 ਵਜੇ ਪੰਥਕ ਇਕੱਤਰਤਾ ਰੱਖੀ ਗਈ ਹੈ ।
ਜਿਸ ਲਈ ਸੰਤ ਸਮਾਜ ਨਿਹੰਗ ਸਿੰਘ ਜਥੇਬੰਦੀਆਂ ਅਤੇ ਪੰਥ ਦਰਦੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਪੰਥਕ ਇਕੱਤਰਤਾ ਵਿੱਚ ਹੁੰਮ ਹੁੰਮਾ ਕੇ ਪਹੁੰਚੋ ਤਾਂ ਜੋ ਜੁਗੋ ਜੁਗ ਅਟੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਸਿਰ ਜੋੜ ਕੇ ਪੰਥ ਨੂੰ ਬਚਾਉਣ ਦੇ ਕੁਝ ਫੈਸਲੇ ਲਏ ਜਾ ਸਕਣ। ਉਹਨਾਂ ਅਪੀਲ ਕੀਤੀ ਕਿ ਆਪਣੇ ਮੱਤਭੇਦ ਭੁਲਾ ਕੇ ਸਿਧਾਂਤਾਂ ਨਾਲ ਖੜਨ ਦਾ ਵੇਲਾ ਆ ਗਿਆ ਹੈ। ਤਾਂ ਹੀ ਇਹੋ ਜਿਹੇ ਲੋਕਾਂ ਨੂੰ ਸਬਕ ਸਿਖਾਇਆ ਜਾ ਸਕੇਗਾ।