ਬਿਉਰੋ ਰਿਪੋਰਟ – ਐਸਜੀਪੀਸੀ ਦੀ ਅੰਤ੍ਰਿੰਗ ਕਮੇਟੀ ਦੀ ਅੱਜ ਹੋਈ ਮੀਟਿੰਗ ਵਿਚ ਸਾਰਿਆਂ ਦੀਆਂ ਨਜ਼ਰਾਂ ਸਨ ਕਿ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਬਾਰੇ ਕੀ ਫੈਸਲਾ ਹੋਵੇਗਾ ਪਰ ਉਨ੍ਹਾਂ ਦੀ ਥਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਗਿਆਨੀ ਸੁਲਤਾਨ ਸਿੰਘ ਦੀ ਥਾਂ ਭਾਈ ਕੁਲਦੀਪ ਸਿੰਘ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਜਥੇਦਾਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਵੀ ਜਾਣਕਾਰੀ ਸਾਹਮਣੇ ਆਈ ਹੈ ਗਿਆਨੀ ਰਘਬੀਰ ਸਿੰਘ ਨੂੰ ਭਾਵੇਂ ਕਿ ਸੇਵਾ ਮੁਕਤ ਕਰ ਦਿੱਤਾ ਗਿਆ ਹੈ ਪਰ ਉਹ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਬਣੇ ਰਹਿਣਗੇ। ਸੰਤ ਬਾਬਾ ਟੇਕ ਸਿੰਘ ਨੂੰ ਤਖਤ ਦਮਦਮਾ ਸਾਹਿਬ ਦੇ ਨਵੇਂ ਜਥੇਦਾਰ ਲਗਾਇਆ ਗਿਆ ਹੈ। ਅੱਜ ਦੀ ਹੋਈ ਮੀਟਿੰਗ ਵਿਚ ਹਰਜਿੰਦਰ ਸਿੰਘ ਧਾਮੀ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਐਸਜੀਪੀਸੀ ਮੈਂਬਰ ਕੁਲਵੰਤ ਸਿੰਘ ਪੁੜੈਣ ਨੇ ਕਿਹਾ ਕਿ ਇਨਾਂ ਜਿਹੜੀਆਂ ਐਨਕਾਂ ਲਗਾ ਗਿਆਨੀ ਹਰਪ੍ਰੀਤ ਸਿੰਘ ਵਾਲਾ ਫੈਸਲਾ ਕੀਤਾ ਸੀ ਉਹੀ ਐਨਕਾਂ ਲਗਾ ਕੇ ਇਨ੍ਹਾਂ ਜਥੇਦਾਰਾਂ ਬਾਰੇ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋ ਕਦਮ ਅੱਗੇ ਵਧ ਕੇ ਗਿਆਨੀ ਸੁਲਤਾਨ ਸਿੰਘ ਦਾ ਇਕੋ ਝਟਕੇ ਵਿਚ ਕੰਮ ਕਰ ਦਿਤਾ ਹੈ ਤਾਂ ਕਿ ਅੱਗੇ ਜਾ ਕੇ ਉਹ ਰਸਤੇ ਚ ਰੋੜਾ ਨਾ ਬਣਨ। ਇਕ ਪਾਸੇ ਇਹ ਅਕਾਲ ਤਖਤ ਨੂੰ ਮਹਾਨ ਕਹਿੰਦੇ ਤੇ ਦੂਜੇ ਪਾਸੇ ਇਹੋ ਜਿਹੇ ਕਾਰੇ ਕਰ ਰਹੇ ਹਨ। ਜੋ ਬਾਦਲਾਂ ਦਾ ਫਾਇਦਾ ਕਰਨ ਉਹ ਸਹੀ ਹਨ ਤੇ ਜੋ ਵਿਰੋਧ ਕਰਦੇ ਹਨ ਉਨ੍ਹਾਂ ਨੂੰ ਇਸ ਤਰ੍ਹਾਂ ਬਾਹਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਥੇਦਾਰਾਂ ਨੂੰ ਸੇਵਾ ਮੁਕਤ ਨਹੀਂ ਸਗੋਂ ਬਰਖਾਸਤ ਕੀਤਾ ਗਿਆ ਹੈ।
