ਚੰਡੀਗੜ੍ਹ : ਕੱਲ ਨੂੰ ਚੰਡੀਗੜ੍ਹ ਵਿੱਚ ਕਿਸਾਨਾਂ ਵਲੋਂ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਨੂੰ ਅਸਫ਼ਲ ਕਰਨ ਲਈ ਪੰਜਾਬ ਪੁਲਿਸ ਵਲੋਂ ਕਿਸਾਨ ਆਗੂਆਂ ਦੀ ਦਿਨ ਚੜਦੇ ਹੀ ਫੜੋ ਫੜੀ ਸੂਰੂ ਕਰ ਦਿੱਤੀ ਗਈ ਤੇ ਕਈ ਕਿਸਾਨ ਆਗੂ ਗ੍ਰਿਫ਼ਤਾਰ ਕਰ ਲਏ ਗਏ। ਇੱਥੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ-ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾਂ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਵਰਨਜੀਤ ਸਿੰਘ ਪੂਹਲੀ ਨੂੰ ਸਵੇਰੇ ਪੁਲਿਸ ਗ੍ਰਿਫ਼ਤਾਰ ਕਰਕੇ ਲੈ ਕੇ ਗਈ। ਇਸੇ ਤਰ੍ਹਾਂ ਹੋਰ ਕਈ ਕਿਸਾਨ ਗ੍ਰਿਫ਼ਤਾਰ ਕੀਤੇ ਗਏ ਹਨ।
- ਬੀ ਕੇ ਜੂ ਲੱਖੋਵਾਲ ਦੇ ਜ਼ਿਲ੍ਹਾ, ਪੰਜਾਬ ਸਕੱਤਰ ਰਣਜੀਤ ਸਿੰਘ ਰਟੈਂਡਾ, ਕਾਮਰੇਡ ਹਰਪਾਲ ਜਗਤਪੁਰ, ਬੀਕੇਯੂ ਕਾਦੀਆਂ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਲੋਵਾਲ, ਬਹਾਦਰ ਸਿੰਘ ਲਿੱਦੜ ਕਲਾਂ ਅਤੇ ਬੂਟਾ ਸਿੰਘ ਤਲਵੰਡੀ ਫਤੂ ਨੂੰ ਪੁਲਿਸ ਨੇ ਤੜਕੇ ਘਰੋਂ ਹਿਰਾਸਤ ਵਿਚ ਲੈ ਲਿਆ।
- ਦੁਆਬਾ ਕਿਸਾਨ ਯੂਨੀਅਨ ਦੇ ਸਕੱਤਰ ਅਮਰਜੀਤ ਸਿੰਘ ਬੁਰਜ ਟਹਿਲ ਦਾਸ ਨੂੰ ਪੁਲਿਸ ਵਲੋਂ ਅਜ ਤੜਕੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ।
- ਅਮਰੀਕ ਸਿੰਘ ਭਾਰਸਿੰਘ ਪੁਰ ਜਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੂੰ ਵੀ ਘਰ ਵਿਚ ਹੀ ਨਜ਼ਰਬੰਦ ਕਰ ਦਿੱਤਾ ਹੈ।
- ਪੁਲਿਸ ਵਲੋਂ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਕੰਗ ਨੂੰ ਤੜਕਸਾਰਉਨ੍ਹਾਂ ਦੇ ਘਰ ਵਿਚ ਨਜ਼ਰਬੰਦ ਕਰ ਦਿੱਤਾ ਗਿਆ।
- ਪੁਲਿਸ ਥਾਣਾ ਚਾਟੀਵਿੰਡ ਦੀ ਪੁਲਿਸ ਪਾਰਟੀ ਵਲੋਂ ਸੈਂਕੜੇ ਕਿਸਾਨਾਂ ਦੇ ਘਰਾਂ ਛਾਪੇਮਾਰੀ ਕੀਤੀ ਗਈ ਤੇ ਕਿਸਾਨ ਆਗੂ ਜਥੇਦਾਰ ਜਗਜੀਤ ਸਿੰਘ ਵਰਪਾਲ ਨੂੰ ਗ੍ਰਿਫਤਾਰ ਕਰਕੇ ਥਾਣਾ ਚਾਟੀਵਿੰਡ ਵਿਖੇ ਨਜ਼ਰਬੰਦ ਕੀਤਾ ਗਿਆ।
- ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਅਤੇ ਬਲਾਕ ਆਗੂ ਬੁਧ ਸਿੰਘ ਬਾਲਦ ਨੂੰ ਹਿਰਾਸਤ ਵਿਚ ਲੈ ਲਿਆ । ਪੁਲਿਸ ਲੰਘੀ ਰਾਤ ਕਿਸਾਨ ਆਗੂਆਂ ਦੇ ਘਰਾਂ ਵਿਚ ਛਾਪੇਮਾਰੀ ਕਰਦੀ ਰਹੀ, ਜਿਸ ਦੌਰਾਨ ਕਿਸਾਨ ਆਗੂ ਰੂਪੋਸ਼ ਹੋ ਗਏ।
- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰੈਸ ਸਕੱਤਰ ਅਤੇ ਪਿੰਡ ਪਰਾਗਪੁਰ ਦੇ ਸਰਪੰਚ ਕੁਲਵਿੰਦਰ ਪਰਾਗਪੁਰ ਨੂੰ ਉਨ੍ਹਾਂ ਦੇ ਘਰ ਹੀ ਨਜ਼ਰਬੰਦ ਕਰ ਦਿੱਤਾ ਗਿਆ। ਕਿਸਾਨ ਆਗੂ ਅਨੁਸਾਰ ਬੀਤੀ ਰਾਤ ਵੀ ਪੁਲਿਸ ਨੇ ਉਨ੍ਹਾਂ ਦੇ ਘਰ ਗੇੜਾ ਮਾਰਿਆ ਸੀ।
- ਬਲਾਚੌਰ ਪੁਲਿਸ ਵਲੋਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਅਵਤਾਰ ਸਿੰਘ ਸਾਹਧੜਾ ਅਤੇ ਜ਼ਿਲ੍ਹਾ ਸਰਪ੍ਰਸਤ ਜਥੇਦਾਰ ਮੋਹਣ ਸਿੰਘ ਟੱਪਰੀਆਂ ਨੂੰ ਘਰੋਂ ਚੁੱਕ ਕੇ ਥਾਣੇ ਬੰਦ ਕਰ ਦਿੱਤਾ ਗਿਆ।
- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਬਾਬਾ ਰਾਜਨ ਸਿੰਘ ਮੌੜੇ ਕਲਾਂ ਅਤੇ ਜਮਹੂਰੀ ਕਿਸਾਨ ਸਭਾ ਤੇ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਸਕੱਤਰ ਵਿਰਸਾ ਸਿੰਘ ਟਪਿਆਲਾ ਨੂੰ ਪੁਲਿਸ ਵਲੋਂ ਘਰਾਂ ਤੋਂ ਹੀ ਚੁੱਕ ਲਿਆ ਗਿਆ। ਕਿਸਾਨ ਆਗੂਆਂ ਨੂੰ ਪੁਲਿਸ ਥਾਣਾ ਲੋਪੋਕੇ ਵਿਖੇ ਨਜ਼ਰਬੰਦ ਕਰ ਦਿੱਤਾ ਗਿਆ, ਜਿਸ ਦਾ ਕਿਸਾਨ ਜਥੇਬੰਦੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
- ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਹਰਜੀਤ ਸਿੰਘ ਰਵੀ ਨੂੰ ਵੀ ਤਰਨ ਤਾਰਨ ਦੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਤਰਨ ਤਰਨ ਜਿਲ੍ੇ ਦੇ ਭਾਰਤੀ ਕਿਸਾਨ ਰਾਜੇਵਾਲ ਦੇ ਪ੍ਰਧਾਨ ਨਿਰਮਲ ਸਿੰਘ ਜੌੜਾ ਨੂੰ ਵੀ ਤਰਨ ਤਾਰਨ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। BKU Kadian ਦੇ ਸੁਬਾ ਪ੍ਰਧਾਨ ਸ. ਹਰਮੀਤ ਸਿੰਘ ਕਾਦੀਆਂ ਦੇ ਘਰ ਕੱਲ ਰਾਤ ਤੋਂ ਪੁਲਿਸ ਨੇ ਘੇਰ ਰੱਖਿਆ ਹੈ।
- ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ ਨੂੰ ਹਾਊਸ ਅਰੈਸਟ ਕੀਤਾ ਗਿਆ ਹੈ ਜਦਕਿ ਪਟਿਆਲਾ ਦੇ ਸਕੱਤਰ ਦਲਜਿੰਦਰ ਹਰਿਆਊ ਗ੍ਰਿਫਤਾਰ ਕਰਕੇ ਪਾਤੜਾਂ ਥਾਣੇ ਰੱਖੇ ਗਏ ਹਨ।
- ਇਸੇ ਤਰ੍ਹਾਂ ਕਿਰਤੀ ਕਿਸਾਨ ਯੂਨੀਅਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਆਗੂ ਸਾਥੀ ਰਮਿੰਦਰ ਪਟਿਆਲਾ, ਜ਼ਿਲ੍ਹਾ ਆਗੂਆਂ ਕੁਲਬੀਰ ਟੋਡਰਪੁਰ, ਗੁਰਵਿੰਦਰ ਦੇਧਨਾ ਅਤੇ ਜਸਵੀਰ ਫਤਿਹਪੁਰ ਦੇ ਘਰਾਂ ਤੇ ਵੀ ਛਾਪੇਮਾਰੀ ਕੀਤੀ ਗਈ ਹੈ ਪਰ ਇਹ ਸਾਥੀ ਪੁਲਿਸ ਦੇ ਹੱਥ ਨਹੀਂ ਆਏ। ਪਟਿਆਲਾ ਜ਼ਿਲ੍ਹੇ ਦੇ ਬਾਕੀ ਆਗੂ ਵੀ ਫ਼ਿਲਹਾਲ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ।