International

ਜਪਾਨ ’ਚ ਅੱਗ ਕਾਰਨ ਲਗਭਗ 1800 ਹੈਕਟੇਅਰ ਜੰਗਲੀ ਖੇਤਰ ਸੜ ਕੇ ਸੁਆਹ

ਜਾਪਾਨ ਦੇ ਜੰਗਲਾਂ ਵਿੱਚ ਇਸ ਸਮੇਂ ਭਿਆਨਕ ਅੱਗ ਲੱਗੀ ਹੋਈ ਹੈ। ਇਵਾਤੇ ਪ੍ਰੀਫੈਕਚਰ ਦੇ ਓਫੁਨਾਟੋ ਸ਼ਹਿਰ ਵਿੱਚ ਜੰਗਲ ਦੀ ਅੱਗ ਨੇ ਭਾਰੀ ਤਬਾਹੀ ਮਚਾਈ ਹੈ। ਜਾਪਾਨੀ ਮੀਡੀਆ ਅਨੁਸਾਰ, ਹੁਣ ਤੱਕ ਇੱਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਹੋਈ ਹੈ, ਜਦੋਂ ਕਿ 80 ਤੋਂ ਵੱਧ ਇਮਾਰਤਾਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ ਹਨ।

ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਪਰਵਾਸ ਕਰਨਾ ਪਿਆ ਹੈ। ਖੁਸ਼ਕ ਮੌਸਮ ਅਤੇ ਹਵਾਵਾਂ ਕਾਰਨ, ਅੱਗ ਬੁਝਾਉਣ ਵਾਲਿਆਂ ਨੂੰ ਅੱਗ ਬੁਝਾਉਣ ਵਿੱਚ ਮੁਸ਼ਕਲ ਆ ਰਹੀ ਹੈ। ਇਸ ਵੇਲੇ ਅੱਗ ਨੇ 1800 ਹੈਕਟੇਅਰ (4450 ਏਕੜ) ਤੋਂ ਵੱਧ ਦੇ ਖੇਤਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ।

ਮੀਡੀਆ ਅਨੁਸਾਰ, ਸ਼ੋਜੀ ਜ਼ਿਲ੍ਹੇ ਦੇ ਸੈਨਰੀਕੂ-ਚੋ ਰਿਓਇਰੀ ਵਿਚ ਇਕ ਲਾਸ਼ ਮਿਲੀ ਹੈ ਅਤੇ ਕਈ ਘਰਾਂ ਸਮੇਤ ਲਗਭਗ 84 ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਕੱੁਝ ਜ਼ਿਲ੍ਹਿਆਂ ਵਿਚ ਲੋਕਾਂ ਨੂੰ ਕੱਢਣ ਦੇ ਹੁਕਮ ਜਾਰੀ ਕੀਤੇ ਗਏ ਹਨ। ਰਿਪੋਰਟਾਂ ਅਨੁਸਾਰ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 7 ਵਜੇ ਤਕ ਇਥੋਂ 1,222 ਲੋਕਾਂ ਨੂੰ ਨਿਕਾਸੀ ਕੇਂਦਰਾਂ ਅਤੇ ਭਲਾਈ ਕੇਂਦਰਾਂ ਵਿਚ ਭੇਜਿਆ ਗਿਆ।

ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਰਿਓਇਰੀ ਪ੍ਰਾਇਦੀਪ, ਸੈਨਰੀਕੂ-ਚੋ ਰਿਓਇਰੀ ਅਤੇ ਸੈਨਰੀਕੂ-ਚੋ ਓਕੀਰਾਈ ਦੀ ਸਰਹੱਦ ਅਤੇ ਅਕੈਸ਼ੀ-ਚੋ ਅਰਿਤਾਸ਼ੀ ਦੇ ਆਲੇ ਦੁਆਲੇ ਦੇ ਖੇਤਰਾਂ ਤੋਂ ਧੂੰਆਂ ਉੱਠਦਾ ਦੇਖਿਆ ਗਿਆ। ਇਨ੍ਹਾਂ ਇਲਾਕਿਆਂ ਵਿਚ ਅੱਗ ’ਤੇ ਕਾਬੂ ਪਾਉਣ ਲਈ ਹੈਲੀਕਾਪਟਰਾਂ ਨੇ ਪਾਣੀ ਦਾ ਛਿੜਕਾਅ ਕੀਤਾ।