India International Punjab

ਭਾਰਤੀ ਸਿੱਖ ਨੇ ਜਰਮਨੀ ‘ਚ ਗੱਡੇ ਝੰਡੇ, ਲੜ ਰਿਹਾ ਵੱਡੀ ਚੋਣ, ਜੇ ਪਾਰਟੀ ਜਿੱਤੀ ਤਾਂ ਮਿਲ ਸਕਦਾ ਵੱਡਾ ਅਹੁਦਾ

ਬਿਉਰੋ ਰਿਪੋਰਟ –  ਸਿੱਖਾਂ ਨੇ ਆਪਣੀਆਂ ਆਰਥਿਕ ਲੋੜਾਂ ਨੂੰ ਪੂਰਾ ਕਰਨ ਲਈ ਵਿਦੇਸ਼ਾਂ ਨੂੰ ਰੁਖ ਕਰਕੇ ਜਿੱਥੇ ਆਪਣੀ ਆਰਥਿਕ ਤੰਗੀ ਦੂਰ ਕੀਤੀ ਹੈ, ਉਥੇ ਹੀ ਵਿਦੇਸ਼ਾਂ ਦੀ ਰਾਜਨੀਤੀ ਵਿਚ ਵੀ ਆਪਣੇ ਝੰਡੇ ਗੱਡੇ ਹਨ। ਪਹਿਲਾਂ ਕੈਨੇਡਾ ਵਰਗੇ ਮੁਲਕਾਂ ਵਿਚ ਕਈ ਸਿੱਖਾਂ ਨੇ ਰਾਜਨੀਤੀ ਵਿਚ ਆਪਣੀ ਪਛਾਣ ਬਣਾਈ ਹੈ, ਉਥੇ ਹੀ ਹੁਣ ਯੂਰਪ ਦੇ ਵੱਡੇ ਤੇ ਵਿਕਸਤ ਦੇਸ਼ ਜਰਮਨੀ ਵਿਚ ਗੁਰਦੀਪ ਸਿੰਘ ਰੰਧਾਵਾ ਜਰਮਨੀ ਵਿਚ ਸੀਡੀਯੂ ਪਾਰਟੀ ਵੱਲੋਂ ਚੋਣ ਲੜ ਰਹੇ ਹਨ।

ਗੁਰਦੀਪ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦੇ ਕਿਹਾ ਕਿ ਭਾਰਤੀ ਲੋਕਾਂ ਵਿਚੋਂ ਉਹ ਇਕੱਲੇ ਅਜਿਹੇ ਹਨ ਜੋ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਰਹੇ ਹਨ ਤੇ ਪਾਰਟੀ ਉਨ੍ਹਾਂ ਦੇ ਨਾਲ ਹੈ। ਉਹ ਥੁਰਨਜਿਆ ਸੂਬੇ ਦੇ ਮਿਸਾਇਲਹੋ ਤੋਂ ਚੋਣ ਲੜ ਰਹੇ ਹਨ। ਗੁਰਦੀਪ ਸਿੰਘ ਰੰਧਾਵਾ ਦੀ ਪਾਰਟੀ ਸੀਡੀਯੂ ਦਾ ਏਐਫਡੀ ਪਾਰਟੀ ਨਾਲ ਸਿੱਧਾ ਮੁਕਾਬਲਾ ਹੈ। ਥੁਰਨਜਿਆ ਸੂਬਾ ਏਐਫਡੀ ਦਾ ਗੜ੍ਹ ਮੰਨਿਆ ਜਾਂਦਾ ਹੈ। ਪਰ ਸੀਡੀਯੂ ਦਾ ਕਹਿਣਾ ਹੈ ਕਿ ਏਐਫਡੀ ਕੋਲ ਦੇਸ਼ ਲਈ ਕੋਈ ਏਜੰਡਾ ਨਹੀਂ ਹੈ। ਥੁਰਨਜਿਆ ਸੂਬੇ ਦੇ ਮੁੱਖ ਮੰਤਰੀ ਮਾਰਿਓ ਫੋਇਟ ਨੇ ਕਿਹਾ ਕਿ ਏਐਫਡੀ ਇਕ ਕੱਟੜਪੰਥੀ ਪਾਰਟੀ ਹੈ ਅਤੇ ਉਹ ਜਰਮਨੀ ਵਿਚ ਕੋਈ ਬਦਲਾਅ ਨਹੀਂ ਲਿਆਵੇਗੀ ਤੇ ਜੇਕਰ ਜਰਮਨ ਲੋਕ ਸਰਕਾਰ ਨੂੰ ਬਦਲਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸੀਡੀਯੂ ਨੂੰ ਵੋਟ ਦੇਣਾ ਚਾਹੀਦਾ ਹੈ। ਚੋਣ ਸਰਵੇਖਣਾਂ ਵਿਚ ਸੀਡੀਯੂ ਅੱਗੇ ਚੱਲ ਰਹੀ ਹੈ। ਥੁਰਨਜਿਆ ਸੂਬੇ ਦੇ ਮੁੱਖ ਮੰਤਰੀ ਮਾਰਿਓ ਫੋਇਟ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਣ ਤੇ ਭਾਰਤ ਨਾਲ ਰਿਸ਼ਤੇ ਮਜ਼ਬੂਤ ਕੀਤੇ ਜਾਣਗੇ ਤੇ ਇਸ ਲਈ ਉਹ ਗੁਰਦੀਪ ਸਿੰਘ ਰੰਧਾਵਾ ਨੂੰ ਅਹਿਮ ਕੜੀ ਮੰਨਦੇ ਹਨ। ਗੁਰਦੀਪ ਸਿੰਘ ਬਾਰੇ ਉਨ੍ਹਾਂ ਕਿਹਾ ਕਿ ਉਹ ਆਰਥਿਕ ਨਜ਼ਰੀਆ ਬਾਰੇ ਸੋਚਣ ਵਾਲੇ ਵਿਅਕਤੀ ਹਨ ਤੇ ਉਹ ਜਾਣਦੇ ਹਨ ਕਿ ਆਰਥਿਕ ਪ੍ਰਗਤੀ ਦਾ ਕੀ ਮਤਲਬ ਹੈ। ਗੁਰਦੀਪ ਭਾਰਤ ਨਾਲ ਸਾਡੇ ਸਬੰਧ ਮਜ਼ਬੂਤ ਕਰ ਰਹੇ ਹਨ। ਉਹ ਸਾਡੇ ਰੋਲ ਮਾਡਲ ਹਨ ਕਿ ਅਸੀਂ ਭਾਰਤ ਤੇ ਜਰਮਨੀ ਵਿਚ ਕੀ ਚਾਹੁੰਦੇ ਹਨ। ਗੁਰਦੀਪ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਸਾਲਾ ਵਿਚ ਭਾਰਤ ਤੋਂ ਜਰਮਨੀ ਪੜ੍ਹਨ ਆਉਣ ਲਈ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ। ਇਸ ਨਾਲ ਦੋਵੇਂ ਦੇਸ਼ਾਂ ਨੂੰ ਨੇੜੇ ਲਿਆਉਣ ਲਈ ਮਦਦ ਮਿਲ ਰਹੀ ਹੈ।

ਗੁਰਦੀਪ ਸਿੰਘ ਨੇ 1984 ਵਿਚ ਅ੍ਰਪਰੇਸ਼ਨ ਬਲਿਊ ਸਟਾਰ ਤੋਂ ਬਾਅਦ ਭਾਰਤ ਨੂੰ ਛੱਡ ਦਿੱਤਾ ਸੀ। ਉਸ ਤੋਂ ਬਾਅਦ ਉਹ ਜਰਮਨੀ ਆ ਗਏ ਤੇ ਉਹ ਹੁਣ ਜਰਮਨ ਨਾਗਰਿਕ ਹਨ।

ਇਹ ਵੀ ਪੜ੍ਹੋ – ਵਿਧਾਨ ਸਭਾ ‘ਚ MLA ਰਾਣਾ ਗੁਰਜੀਤ ਸਿੰਘ ਨੇ ਚੁੱਕਿਆ ਅਹਿਮ ਮੁੱਦਾ