Punjab Religion

ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦਾ ਵੱਡਾ ਫੈਸਲਾ, “ਆਪਣੇ ਅਸਤੀਫ਼ੇ ’ਤੇ ਮੁੜ ਵਿਚਾਰ ਕਰਨ ਧਾਮੀ”

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਤੇਜਾ ਸਿੰਘ ਸੁਮੰਦਰੀ ਹਾਲ ਵਿਖੇ ਅੱਜ ਅੰਤ੍ਰਿੰਗ ਕਮੇਟੀ ਦੀ ਅਹਿਮ ਬੈਠਕ ਹੋਈ। ਇਸ ਮੀਟਿੰਗ ਵਿੱਚ ਪ੍ਰਧਾਨ ਧਾਮੀ ਦੇ ਅਸਤੀਫੇ ਨੂੰ  ਲੈ ਕੇ ਅੰਤ੍ਰਿੰਗ ਕਮੇਟੀ ਨੇ ਵੱਡਾ ਫੈਸਲਾ ਲਿਆ ਹੈ। ਅੰਤ੍ਰਿੰਗ ਕਮੇਟੀ ਨੇ ਹਰਜਿੰਦਰ ਸਿੰਧ ਧਾਮੀ ਦਾ ਅਸਤੀਫਾ ਨਾ ਮਨਜ਼ੂਰ ਕਰਦਿਆਂ ਧਾਮੀ ਨੂੰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ।

ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਨੇ ਇੱਕ ਪ੍ਰੈਸ ਕਾਨਫੰਰਸ ਕਰਦਿਆਂ ਕਿਹਾ ਕਿ ਫ਼ਿਲਹਾਲ ਹਰਜਿੰਦਰ ਸਿੰਘ ਧਾਮੀ ਦਾ ਅਸਤੀਫ਼ਾ ਮਨਜ਼ੂਰ ਨਹੀਂ ਹੋਇਆ ਹੈ। ਆਗੂਆਂ ਨੇ ਕਿਹਾ ਕਿ ਧਾਮੀ ਆਪਣੇ ਅਸਤੀਫ਼ੇ ’ਤੇ ਮੁੜ ਵਿਚਾਰ ਕਰਨ ਤੇ ਅੰਤ੍ਰਿੰਗ ਕਮੇਟੀ ਦਾ ਵਫ਼ਦ ਉਨ੍ਹਾਂ ਨਾਲ ਮੁਲਾਕਾਤ ਕਰੇਗਾ।

ਕਮੇਟੀ ਮੈਂਬਰਾਂ ਨੇ ਕਿਹਾ ਕਿ ਸਾਬਕਾ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖ਼ਤਮ ਕਰਨ ਦਾ ਫੈਸਲਾ ਇਕੱਠੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਨਹੀਂ ਸਗੋਂ ਸਾਰੀ ਅੰਤ੍ਰਿੰਗ ਕਮੇਟੀ ਨੇ ਕੀਤਾ ਸੀ। ਇਸ ਕਰਕੇ ਕਮੇਟੀ ਨੇ ਧਾਮੀ ਨੂੰ ਆਪਣੀ ਸੇਵਾਵਾਂ ਬਰਕਰਾਰ ਰੱਖਣ ਦੀ ਅਪੀਲ ਕੀਤੀ।

ਗਿਆਨੀ ਹਰਪ੍ਰੀਤ ਸਿੰਘ ‘ਤੇ ਲਗਾਏ ਗੰਭੀਰ ਇਲਜ਼ਾਮ

ਇਸ ਦੇ ਨਾਲ ਹੀ ਅੰਤ੍ਰਿੰਗ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ’ਤੇ ਲੱਗੇ ਦੋਸ਼ਾਂ ਬਾਰੇ ਦੱਸਦਿਆਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਆਪਣੇ ਕੁਕਰਮਾਂ ਤੇ ਪਰਦਾ ਪਾਉਣ ਲਈ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੀ ਮਰਿਆਦਾ ਦੀਆਂ ਧੱਜੀਆਂ ਉਡਾਉਂਦੇ ਔਰ ਗੁਰਬਾਣੀ ਦੇ ਸ਼ਬਦ ਕੀਰਤਨ ਨੂੰ ਅੱਧ ਵਿਚਾਲੇ ਰੁਕਵਾ ਕੇ ਆਪਣਾ ਨਿਜੀ ਸਪਸ਼ਟੀਕਰਨ ਮਰਿਆਦਾ ਦੀ ਪਰਵਾਹ ਕੀਤੇ ਬਗੈਰ ਪੰਜ ਪਿਆਰੇ ਸਿੰਘ ਸਾਹਿਬਾਨ ਨੂੰ ਜਬਰੀ ਸਾਹਮਣੇ ਖੜ੍ਹੇ ਕਰਕੇ ਪੰਜ ਪਿਆਰਿਆਂ ਦਾ ਘੋਰ ਅਪਮਾਨ ਕੀਤਾ ਹੈ।

ਇਸਦੇ ਨਾਲ ਉਨ੍ਹਾਂ ਨੇ ਗਿਆਨੀ ਹਰਪ੍ਰੀਤ ਸਿੰਘ ’ਤੇ ਇੱਕ ਔਰਤ ਨੂੰ ਵਿਦੇਸ਼ ਨਾਲ ਲੈ ਕੇ ਜਾਣ ਦੇ ਗੰਭੀਰ ਇਲਜ਼ਾਮ ਵੀ ਲਗਾਏ ਹਨ।

ਉਨ੍ਹਾਂ ਨੇ ਕਿਹਾ ਕਿ ਜਿੰਨਾ ਗੰਭੀਰ ਦੋਸ਼ਾਂ ਦਾ ਸਪਸ਼ਟੀਕਰਨ ਆਪਣੀ ਬਣਾਈ ਮਰਿਆਦਾ ਮੁਤਾਬਕ ਦੇ ਕੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ, ਉਹਨਾਂ ਵਿੱਚ ਵਿਦੇਸ਼ ਯਾਤਰਾਵਾਂ ਦੇ ਲਈ ਗੁਰੂ ਦੀ ਗੋਲਕ ਦਾ ਜਿਹੜਾ ਦਸਵੰਧ ਹੁੰਦਾ ਉਹਦੇ ਤਰੀਕੇ ਨਾਲ ਜੋ ਬਾਕੀ ਸਿੰਘ ਸਾਹਿਬ ਪਹਿਲਾਂ ਜਮਾ ਕਰਵਾਉਂਦੇ ਰਹੇ ਨੇ ਉਹ ਵੀ ਨਹੀਂ ਕਰਵਾਇਆ ਸੀ।

ਉਨ੍ਹਾਂ ਨੇ ਕਿਹਾ ਕਿ ਵਾਰ ਵਾਰ ਸੰਪਰਕ ਕਰਨ ਦੇ ਬਾਅਦ ਵੀ ਯਾਨੀ ਹਰਪ੍ਰੀਤ ਸਿੰਘ ਜੀ ਨੇ ਆਪਣੇ ਪੱਖ ਪੇਸ਼ ਕਰਨ ਲਈ ਕਮੇਟੀ ਨਾਲ ਸਹਿਯੋਗ ਨਹੀਂ ਕੀਤਾ। ਸਿੰਘ ਸਾਹਿਬਾਨਾਂ ਤੇ ਰੁਤਬੇ ਤੇ ਹੁੰਦੇ ਹੋਏ ਮਰਿਆਦਾ ਦੀ ਉਲੰਘਣਾ ਕਰਨੀ ਅਤੇ ਪਤਿਤ ਪਰਿਵਾਰਾਂ ਤੇ ਆਨੰਦ ਕਾਰਜਾਂ ਦੀਆਂ ਅਰਦਾਸਾਂ ਕਰਨੀਆਂ ਇੱਕ ਹੋਰ ਗੰਭੀਰ ਦੋਸ਼ ਹੈ।  ਸ੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਹੁੰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਅਤੇ ਬੇਅਦਬੀ ਦੀਆਂ ਘਟਨਾਵਾਂ ਦੀਆਂ ਗੰਭੀਰ ਗੰਭੀਰ ਸ਼ਿਕਾਇਤਾਂ ਮਿਲਣ ਅਤੇ ਤੱਥ ਸਾਹਮਣੇ ਆ ਜਾਣ ਤੋਂ ਬਾਅਦ ਵੀ ਨਜ਼ਰ ਅੰਦਾਜ਼ ਕਰਕੇ ਆਪਣੀ ਜਿੰਮੇਵਾਰੀ ਨਹੀਂ ਨਿਭਾਈ।