ਬਿਉਰੋ ਰਿਪੋਰਟ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ (US PRSIDENT DONALD TURMP)ਨੇ ਵੀਰਵਾਰ ਰਾਤ ਨੂੰ 2008 ਦੇ ਮੁੰਬਈ ਅਤਿਵਾਦੀ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਨੂੰ ਭਾਰਤ ਹਵਾਲੇ ਕਰਨ ਦਾ ਐਲਾਨ ਕੀਤਾ,ਇਸ ਦੌਰਾਨ ਖਾਲਿਸਤਾਨ ਹਮਾਇਤੀਆਂ ਦਾ ਵੀ ਮੁੱਦਾ ਚੁੱਕਿਆ ਗਿਆ ।
ਦਰਅਸਲ ਮੀਡੀਆ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਸਵਾਲ ਪੁੱਛਿਆ ਕਿ ਬਾਇਡਨ ਸਰਕਾਰ ਵੇਲੇ ਖਾਲਿਸਤਾਨੀਆਂ ਨੂੰ ਲੈ ਕੇ ਭਾਰਤੀ ਏਜੰਸੀਆਂ ‘ਤੇ ਸਵਾਲ ਚੁੱਕੇ ਗਏ ਸਨ,ਕੀ ਤੁਸੀਂ ਇਸ ਨੂੰ ਮੁੜ ਤੋਂ ਵਿਚਾਰ ਕਰੋਗੇ ਤਾਂ ਟਰੰਪ ਨੇ ਬਿਨਾਂ ਖਾਲਿਸਤਾਨ ਹਮਾਇਤੀਆਂ ਦਾ ਨਾਂ ਲਏ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਭਾਰਤ ਦੇ ਬਾਇਡਨ ਦੀ ਸਰਕਾਰ ਦੇ ਨਾਲ ਚੰਗੇ ਰਿਸ਼ਤੇ ਨਹੀਂ ਰਹੇ ਸਨ । ਟਰੰਪ ਨੇ ਕਿਹਾ ਮੈਨੂੰ ਨਹੀਂ ਪਤਾ ਕਿ ਤਹੱਵੁਰ ਰਾਣਾ ਦੋਸ਼ੀ ਹੈ ਜਾਂ ਨਹੀਂ ਪਰ ਅਸੀਂ ਇਸ ਖਤਰਨਾਕ ਮੁਲਜ਼ਮ ਨੂੰ ਵਾਪਸ ਕਰ ਰਹੇ ਹਾਂ,ਇਸ ਤੋਂ ਬਾਅਦ ਕੋਈ ਹੋਰ ਲੋਕਾਂ ਨੂੰ ਭੇਜਿਆ ਜਾਵੇਗਾ ਅਸੀਂ ਇਸ ਤੇ ਵਿਚਾਰ ਕਰ ਰਹੇ ਹਾਂ,ਅਸੀਂ ਅਪਰਾਧ ਨੂੰ ਲੈ ਕੇ ਭਾਰਤ ਨਾਲ ਚਰਚਾ ਕਰ ਰਹੇ ਹਾਂ,ਅਸੀਂ ਭਾਰਤ ਨੂੰ ਚੰਗਾ ਦੋਸਤ ਮੰਨਦੇ ਹਾਂ,ਭਾਰਤ ਸਾਡੇ ਲਈ ਜ਼ਰੂਰੀ ਹੈ ।
ਟਰੰਪ ਨੇ ਕਿਹਾ ਭਾਰਤ ਅਤੇ ਅਮਰੀਕਾ ਇਕੱਠੇ ਮਿਲ ਕੇ ਦੁਨੀਆ ਭਰ ਵਿਚ ਕੱਟੜਪੰਥੀ ਇਸਲਾਮਿਕ ਦਹਿਸ਼ਗਰਦੀ ਖਤਰੇ ਦਾ ਮੁਕਾਬਲਾ ਕਰਨਗੇ ਜਿਵੇਂ ਪਹਿਲਾਂ ਕਦੇ ਨਹੀਂ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਦਾ ਧੰਨਵਾਦ ਕੀਤਾ ਅਤੇ ਦਹਿਸ਼ਤਗਰਦ ਨਾਲ ਲੜਨ ਲਈ ਭਾਰਤ ਦੇ ਸਹਿਯੋਗ ਦੀ ਗੱਲ ਕੀਤੀ। ਮੋਦੀ ਨੇ ਕਿਹਾ, ਅਸੀਂ ਅੱਤਵਾਦ ਨਾਲ ਲੜਨ ’ਚ ਸਹਿਯੋਗ ਕਰਾਂਗੇ। ਸਰਹੱਦ ਪਾਰ ਦਹਿਸ਼ਤਗਰਦਾਂ ਖਿਲਾਫ ਸਖ਼ਤ ਕਾਰਵਾਈ ਦੀ ਲੋੜ ਹੈ। ਰਾਸ਼ਟਰਪਤੀ ਟਰੰਪ ਦਾ ਧੰਨਵਾਦ ਕਰਦੇ ਹੋਏ ਕਿਹਾ ਮੈਂ ਕਹਿੰਦਾ ਹਾਂ ਕਿ 26/11 ਦੇ ਅਤਿਵਾਦੀ ਤਹੱਵੁਰ ਰਾਣਾ ਦੀ ਹਵਾਲਗੀ ਦਾ ਫ਼ੈਸਲਾ ਕੀਤਾ ਗਿਆ ਹੈ। ਸਾਡੀਆਂ ਅਦਾਲਤਾਂ ਉਸ ਨੂੰ ਇਨਸਾਫ਼ ਦਿਵਾਉਣਗੀਆਂ।
ਭਾਰਤ ਲੰਮੇ ਸਮੇਂ ਤੋਂ ਰਾਣਾ ਦੀ ਹਵਾਲਗੀ ਦੀ ਮੰਗ ਕਰ ਰਿਹਾ ਸੀ। ਰਾਣਾ ਇਸ ਸਮੇਂ ਲਾਸ ਏਂਜਲਸ ਦੀ ਜੇਲ੍ਹ ਵਿਚ ਬੰਦ ਹੈ। ਉਹ ਕੈਨੇਡੀਅਨ ਨਾਗਰਿਕ ਹੈ ਅਤੇ ਪਾਕਿਸਤਾਨੀ ਮੂਲ ਦਾ ਹੈ। ਉਹ ਪਾਕਿਸਤਾਨੀ-ਅਮਰੀਕੀ ਦਹਿਸ਼ਤਗਰਦ ਡੇਵਿਡ ਕੋਲਮੈਨ ਹੈਡਲੀ ਨਾਲ ਜੁੜਿਆ ਹੋਇਆ ਹੈ, ਜੋ 26/11 ਹਮਲੇ ਦਾ ਮੁੱਖ ਦੋਸ਼ੀ ਸੀ। ਰਾਣਾ ’ਤੇ ਇਲਜ਼ਾਮ ਸੀ ਕਿ ਉਸ ਨੇ ਹੈਡਲੀ ਅਤੇ ਪਾਕਿਸਤਾਨ ’ਚ ਹੋਰ ਅਤਿਵਾਦੀਆਂ ਨੂੰ ਲਸ਼ਕਰ-ਏ-ਤੋਇਬਾ ਅਤਿਵਾਦੀ ਸੰਗਠਨ ਦੁਆਰਾ ਹਮਲੇ ਨੂੰ ਅੰਜਾਮ ਦੇਣ ਲਈ ਮਦਦ ਕੀਤੀ ਸੀ।


 
																		 
																		 
																		 
																		 
																		