India

ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਦੇ ਅੱਜ ਆਉਣਗੇ ਨਤੀਜੇ

ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਆਉਣ ਵਾਲੇ ਹਨ। ਦਿੱਲੀ ਦੀਆਂ ਸਾਰੀਆਂ 70 ਸੀਟਾਂ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ ਅਤੇ ਸ਼ੁਰੂਆਤੀ ਰੁਝਾਨ ਅਗਲੇ ਕੁਝ ਘੰਟਿਆਂ ਵਿੱਚ ਆਉਣੇ ਸ਼ੁਰੂ ਹੋ ਜਾਣਗੇ। ਚੋਣ ਕਮਿਸ਼ਨ (ECI) ਦੇ ਅਨੁਸਾਰ, ਬੁੱਧਵਾਰ, 5 ਫਰਵਰੀ ਨੂੰ ਦਿੱਲੀ ਚੋਣਾਂ ਲਈ 60.54 ਪ੍ਰਤੀਸ਼ਤ ਵੋਟਾਂ ਪਈਆਂ।

ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਸਨਿਚਰਵਾਰ ਨੂੰ 19 ਗਿਣਤੀ ਕੇਂਦਰਾਂ ਲਈ ਤਿੰਨ ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਜਿਨ੍ਹਾਂ ’ਚ ਹਰੇਕ ਕੇਂਦਰ ’ਤੇ ਅਰਧ ਸੈਨਿਕ ਬਲਾਂ ਦੀਆਂ ਦੋ ਕੰਪਨੀਆਂ ਸਮੇਤ 10,000 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

ਉੱਤਰੀ, ਪਛਮੀ , ਉੱਤਰ-ਪੂਰਬੀ ਅਤੇ ਦੱਖਣ-ਪੂਰਬੀ ਜ਼ਿਲ੍ਹਿਆਂ ’ਚ ਦੋ-ਦੋ ਗਿਣਤੀ ਕੇਂਦਰ ਹੋਣਗੇ, ਜਦਕਿ ਨਵੀਂ ਦਿੱਲੀ ਅਤੇ ਉੱਤਰ-ਪਛਮੀ ਜ਼ਿਲ੍ਹਿਆਂ ’ਚ ਤਿੰਨ-ਤਿੰਨ ਗਿਣਤੀ ਕੇਂਦਰ ਹੋਣਗੇ। ਚੋਣ ਕਮਿਸ਼ਨ ਮੁਤਾਬਕ ਬੁਧਵਾਰ ਨੂੰ 60.54 ਫੀ ਸਦੀ ਵੋਟਾਂ ਪਈਆਂ। ਦਿੱਲੀ ਭਾਜਪਾ ਦੇ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਲਗਭਗ 50 ਸੀਟਾਂ ਜਿੱਤੇਗੀ। ਆਮ ਆਦਮੀ ਪਾਰਟੀ (ਆਪ) ਨੇ ਐਗਜ਼ਿਟ ਪੋਲ ਦੀਆਂ ਭਵਿੱਖਬਾਣੀਆਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਉਹ ਅਪਣੇ ਕਨਵੀਨਰ ਕੇਜਰੀਵਾਲ ਦੇ ਚੌਥੀ ਵਾਰ ਮੁੱਖ ਮੰਤਰੀ ਬਣਨ ਨਾਲ ਦੁਬਾਰਾ ਸਰਕਾਰ ਬਣਾਏਗੀ।