ਦਿੱਲੀ ਦੀ ਤਰਜ ’ਤੇ ਪੰਜਾਬ ’ਚ ਸਿੱਖਿਆ ਕ੍ਰਾਂਤੀ ਲਿਆਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੀਤੇ ਵਾਅਦੇ ਫੇਲ੍ਹ ਹੁੰਦੇ ਹੋਏ ਨਜ਼ਰ ਆ ਰਹੇ ਹਨ। ਪੰਜਾਬ ਦੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਪ੍ਰਿੰਸੀਪਲਾਂ ਦੀਆਂ 44 ਫ਼ੀਸਦੀ ਅਸਾਮੀਆਂ ਖ਼ਾਲੀ ਪਈਆਂ ਹਨ।
ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਦੀ ਸਥਿਤੀ ਨੂੰ ਲੈ ਕੇ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐਫ਼.) ਵਲੋਂ ਜਾਰੀ ਰਿਪੋਰਟ ਅਨੁਸਾਰ 1927 ਵਿਚੋਂ 856 (44 ਫ਼ੀ ਸਦੀ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਪ੍ਰਿੰਸੀਪਲ ਦੀ ਅਸਾਮੀ ਖ਼ਾਲੀ ਹੋਣ, 10 ਜ਼ਿਲ੍ਹਿਆਂ ਅਤੇ 77 ਸਿਖਿਆ ਬਲਾਕਾਂ ਦੇ 50 ਫ਼ੀ ਸਦੀ ਤੋਂ ਜ਼ਿਆਦਾ ਸਕੂਲਾਂ ਵਿਚ ਕੋਈ ਵੀ ਪ੍ਰਿੰਸੀਪਲ ਨਾ ਹੋਣ ਦੇ ਖ਼ੁਲਾਸੇ ਹੋਏ ਹਨ।
ਜਥੇਬੰਦੀ ਨੇ ਮੰਗ ਕੀਤੀ ਹੈ ਕਿ ਹੈਡ ਮਾਸਟਰ ਤੇ ਲੈਕਚਰਾਰ ਕਾਡਰਾਂ ਤੋਂ ਵਿਭਾਗੀ ਤਰੱਕੀਆਂ ਕਰਦਿਆਂ ਪ੍ਰਿੰਸੀਪਲਾਂ ਦੀਆਂ ਸਾਰੀਆਂ ਅਸਾਮੀਆਂ ਫੌਰੀ ਭਰੀਆਂ ਜਾਣ।
ਰਿਪੋਰਟ ਮੁਤਾਬਕ ਮਾਨਸਾ ਜ਼ਿਲ੍ਹੇ ਦੇ 73 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚੋਂ 60 ਅਤੇ ਬਰਨਾਲੇ ਦੇ 47 ਵਿਚੋਂ 36 ਸਕੂਲਾਂ ਵਿਚ ਪ੍ਰਿੰਸੀਪਲ ਦੀ ਅਸਾਮੀਆਂ ਖ਼ਾਲੀ ਹਨ ਅਤੇ ਇਥੇ ਪ੍ਰਿੰਸੀਪਲਾਂ ਦੀ ਮੌਜੂਦਗੀ ਪੱਖੋਂ ਹਾਲ ਸੱਭ ਤੋਂ ਮੰਦੜੇ ਹਨ।
ਇਸੇ ਤਰ੍ਹਾਂ ਸੰਗਰੂਰ ਵਿਚ 95 ਵਿਚੋਂ 57 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਪ੍ਰਿੰਸੀਪਲ ਦੀ ਅਸਾਮੀਆਂ ਖ਼ਾਲੀ ਪਈਆਂ ਹਨ। ਇਸੇ ਤਰ੍ਹਾਂ ਪਟਿਆਲਾ ਜ਼ਿਲ੍ਹੇ ਦੇ 109 ਵਿਚੋਂ 17, ਫ਼ਤਿਹਗੜ੍ਹ ਸਾਹਿਬ ਦੇ 44 ਵਿਚੋਂ 11, ਬਠਿੰਡਾ ਦੇ 129 ਵਿਚੋਂ 82, ਫ਼ਿਰੋਜ਼ਪੁਰ ਦੇ 63 ਵਿਚੋਂ 33, ਫ਼ਾਜ਼ਿਲਕਾ 79 ਵਿਚੋਂ 18 ਸਕੂਲਾਂ ਵਿਚ ਅਸਾਮੀਆਂ ਖ਼ਾਲੀ ਪਈਆਂ ਹਨ। ਇਹੀ ਹਾਲ ਮੁਕਤਸਰ ਵਿਚ ਵੀ ਹੈ ਜਿਥੇ 88 ਵਿਚੋਂ 32, ਮੋਗਾ ਦੇ 84 ਵਿਚੋਂ 56, ਫ਼ਰੀਦਕੋਟ ਦੇ 42 ਵਿਚੋਂ 18, ਮਾਲੇਰਕੋਟਲਾ ਦੇ 27 ਵਿਚੋਂ 14, ਲੁਧਿਆਣਾ ਦੇ 182 ਵਿਚੋਂ 69, ਅੰਮ੍ਰਿਤਸਰ ਦੇ 119 ਵਿਚੋਂ 36 ਜਗਾਵਾਂ ਤੇ ਅਸਾਮੀਆਂ ਖ਼ਾਲੀ ਪਾਈਆਂ ਹਨ। ਹੋਰਨਾਂ ਜ਼ਿਲ੍ਹਿਆਂ ਵਿਚੋਂ ਤਰਨਤਾਰਨ ਦੇ 77 ਵਿਚੋਂ 51, ਗੁਰਦਾਸਪੁਰ ਦੇ 117 ਵਿਚੋਂ 47, ਪਠਾਨਕੋਟ ਦੇ 47 ਵਿਚੋਂ 13, ਜਲੰਧਰ ਦੇ 159 ਵਿਚੋਂ 69, ਨਵਾਂ ਸ਼ਹਿਰ ਦੇ 52 ਵਿਚੋਂ 30, ਹੁਸ਼ਿਆਰਪੁਰ ਦੇ 130 ਵਿਚੋਂ 56 ਅਤੇ ਕਪੂਰਥਲਾ ਦੇ 62 ਵਿਚੋਂ 37 ਸਕੂਲਾਂ ਵਿਚ ਪ੍ਰਿੰਸੀਪਲ ਦੀ ਅਸਾਮੀਆਂ ਖ਼ਾਲੀ ਪਈਆਂ ਹਨ। ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਜੱਦੀ ਜ਼ਿਲ੍ਹੇ ਰੂਪਨਗਰ ਵਿਚ ਵੀ 55 ਵਿਚੋਂ 13 ਸਰਕਾਰੀ ਸਕੂਲਾਂ ਵਿਚ ਪ੍ਰਿੰਸੀਪਲ ਦੀ ਅਸਾਮੀ ਖ਼ਾਲੀ ਹੈ।