ਦੱਖਣੀ ਸੁਡਾਨ ਦੇ ਯੂਨਿਟੀ ਸਟੇਟ ਵਿੱਚ ਬੁੱਧਵਾਰ ਨੂੰ ਇੱਕ ਜਹਾਜ਼ ਹਾਦਸਾਗ੍ਰਸਤ(Chartered plane crashes in South Sudan ) ਹੋ ਗਿਆ, ਜਿਸ ਵਿੱਚ 20 ਲੋਕਾਂ ਦੀ ਮੌਤ ਹੋ ਗਈ। ਸੀਐਨਐਨ ਦੀ ਰਿਪੋਰਟ ਦੇ ਅਨੁਸਾਰ, ਇਹ ਇੱਕ ਛੋਟਾ ਜਹਾਜ਼ ਸੀ ਜਿਸ ਵਿੱਚ ਦੋ ਪਾਇਲਟਾਂ ਸਮੇਤ 21 ਲੋਕ ਸਵਾਰ ਸਨ। ਇਹ ਜਹਾਜ਼ ਚੀਨ ਦੀ ਤੇਲ ਕੰਪਨੀ ਗ੍ਰੇਟਰ ਪਾਇਨੀਅਰ ਆਪਰੇਟਿੰਗ ਕੰਪਨੀ ਨੇ ਕਿਰਾਏ ‘ਤੇ ਲਿਆ ਸੀ।
ਯੂਨਿਟੀ ਸਟੇਟ ਦੇ ਸੂਚਨਾ ਮੰਤਰੀ ਗਟਵੇਚ ਬਿਪਲ ਨੇ ਕਿਹਾ ਕਿ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 10.30 ਵਜੇ ਵਾਪਰਿਆ। ਜਹਾਜ਼ ਰਾਜਧਾਨੀ ਜੁਬਾ ਵੱਲ ਉਡਾਣ ਭਰ ਰਿਹਾ ਸੀ। ਬਿਫਲ ਨੇ ਕਿਹਾ ਕਿ ਜਹਾਜ਼ ਵਿੱਚ ਸਵਾਰ ਸਾਰੇ ਲੋਕ ਗ੍ਰੇਟਰ ਪਾਇਨੀਅਰ ਓਪਰੇਟਿੰਗ ਕੰਪਨੀ ਦੇ ਤੇਲ ਕਰਮਚਾਰੀ ਸਨ। ਬਿਪਲ ਨੇ ਕਿਹਾ ਕਿ ਮ੍ਰਿਤਕਾਂ ਵਿੱਚ ਦੋ ਚੀਨੀ ਅਤੇ ਇੱਕ ਭਾਰਤੀ ਨਾਗਰਿਕ ਸ਼ਾਮਲ ਹੈ।
ਜਹਾਜ਼ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸੰਯੁਕਤ ਰਾਸ਼ਟਰ ਰੇਡੀਓ ਮਿਰਾਇਆ ਦੀ ਇੱਕ ਰਿਪੋਰਟ ਦੇ ਅਨੁਸਾਰ, ਜਹਾਜ਼ ਦੱਖਣੀ ਸੁਡਾਨ ਦੇ ਇੱਕ ਤੇਲ ਖੇਤਰ ਤੋਂ ਉਡਾਣ ਭਰ ਰਿਹਾ ਸੀ। ਜਹਾਜ਼ ਵਿੱਚ ਤੇਲ ਕੰਪਨੀ ਦੇ ਕਰਮਚਾਰੀ ਸਵਾਰ ਸਨ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਸ ਘਟਨਾ ਪਿੱਛੇ ਕੀ ਕਾਰਨ ਸੀ? ਇਸ ਵੇਲੇ ਇਸਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ, ਅਧਿਕਾਰੀਆਂ ਨੇ ਅਜੇ ਤੱਕ ਪੀੜਤਾਂ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਹੈ।
ਦੱਖਣੀ ਸੁਡਾਨ ਨੇ 2011 ਵਿੱਚ ਸੁਡਾਨ ਤੋਂ ਆਜ਼ਾਦੀ ਪ੍ਰਾਪਤ ਕੀਤੀ। ਉਦੋਂ ਤੋਂ, ਇੱਥੇ ਕਈ ਜਹਾਜ਼ ਹਾਦਸੇ ਵਾਪਰ ਚੁੱਕੇ ਹਨ। ਸਤੰਬਰ 2018 ਵਿੱਚ, ਰਾਜਧਾਨੀ ਜੁਬਾ ਤੋਂ ਰਿਓਲ ਜਾ ਰਿਹਾ ਇੱਕ ਚਾਰਟਰਡ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਇਸ ਵਿੱਚ 19 ਲੋਕਾਂ ਦੀ ਮੌਤ ਹੋ ਗਈ।
2015 ਵਿੱਚ, ਇੱਕ ਰੂਸੀ-ਨਿਰਮਿਤ ਕਾਰਗੋ ਜਹਾਜ਼ ਰਾਜਧਾਨੀ ਜੁਬਾ ਤੋਂ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ ਸੀ। ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ 36 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦਾ ਕਾਰਨ ਜਹਾਜ਼ ਦੀ ਸਮਰੱਥਾ ਤੋਂ ਵੱਧ ਲੋਕਾਂ ਦੇ ਬੈਠਣ ਦਾ ਹੋਣਾ ਸੀ।