Punjab

ਅੰਮ੍ਰਿਤਸਰ ‘ਚ ਨਸ਼ੀਲੇ ਪਦਾਰਥਾਂ ਦੀ ਖੇਪ ਸਾੜਨ ਲਈ ਖੰਨਾ ਤੋਂ ਆਏ ਐੱਸਪੀ ਤੇ ਡੀਐੱਸਪੀ ਝੁਲਸੇ

ਅੰਮ੍ਰਿਤਸਰ : ਪੰਜਾਬ ‘ਚ ਵੱਡਾ ਹਾਦਸਾ ਵਾਪਰਿਆ ਹੈ। ਅੰਮ੍ਰਿਤਸਰ ਵਿੱਚ ਅੱਗ ਦੀ ਘਟਨਾ ਵਿੱਚ ਖੰਨਾ ਦੇ ਐਸਐਸਪੀ ਅਸ਼ਵਨੀ ਗੋਟਿਆਲ ਵੀ ਝੁਲਸ ਗਏ ਸਨ, ਉਨ੍ਹਾਂ ਨੂੰ ਇਲਾਜ ਲਈ ਕੁਝ ਸਮੇਂ ਲਈ ਹਸਪਤਾਲ ਵਿੱਚ ਰੱਖਿਆ ਗਿਆ ਸੀ, ਜਿਸ ਤੋਂ ਬਾਅਦ ਉਸਨੂੰ ਛੁੱਟੀ ਦੇ ਦਿੱਤੀ ਗਈ।

ਅੰਮ੍ਰਿਤਸਰ ਦੀ ਖੰਨਾ ਪੇਪਰ ਮਿੱਲ ਵਿਖੇ ਖੰਨਾ ਸ਼ਹਿਰ ਤੋਂ ਨਸ਼ੀਲੇ ਪਦਾਰਥਾਂ ਦੀ ਇੱਕ ਖੇਪ ਸਾੜਨ ਆਏ ਐੱਸਪੀ (ਸਥਾਨਕ) ਤਰੁਣ ਰਤਨ ਅਤੇ ਡੀਐੱਸਪੀ (ਡੀ) ਸੁਖ ਅੰਮ੍ਰਿਤ ਸਿੰਘ ਅਚਾਨਕ ਅੱਗ ਦੀ ਲਪੇਟ ‘ਚ ਆਉਣ ਨਾਲ ਝੁਲਸ ਗਏ। ਡੀਐੱਸਪੀ ਦਾ ਹੱਥ 20 ਫੀਸਦੀ ਸੜ ਗਿਆ ਸੀ, ਉਸਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਸ਼ਾਮ 7 ਵਜੇ ਤੱਕ ਛੁੱਟੀ ਦੇ ਦਿੱਤੀ ਗਈ। ਜਦੋਂ ਕਿ ਐਸਪੀ ਤਰੁਣ ਰਤਨ 50 ਪ੍ਰਤੀਸ਼ਤ ਸੜ ਗਿਆ ਹੈ ਅਤੇ ਇਸ ਸਮੇਂ ਇਲਾਜ ਅਧੀਨ ਹੈ।

ਇਹ ਜਾਣਕਾਰੀ ਆਈਜੀ ਲੁਧਿਆਣਾ ਰੇਂਜ ਧਨਪ੍ਰੀਤ ਕੌਰ ਨੇ ਦਿੱਤੀ।ਆਈਜੀ ਨੇ ਇਹ ਵੀ ਕਿਹਾ ਕਿ ਤਿੰਨੋਂ ਅਧਿਕਾਰੀ ਖ਼ਤਰੇ ਤੋਂ ਬਾਹਰ ਹਨ। ਐਸਐਸਪੀ ਅਸ਼ਵਨੀ ਗੋਟਿਆਲ ਅਤੇ ਡੀਐਸਪੀ ਸੁਖ ਅੰਮ੍ਰਿਤ ਸਿੰਘ ਰੰਧਾਵਾ ਨੂੰ ਛੁੱਟੀ ਦੇ ਦਿੱਤੀ ਹੈ  ਅਤੇ ਐਸਪੀ ਤਰੁਣ ਰਤਨ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਜਾਣਕਾਰੀ ਅਨੁਸਾਰ ਖੰਨਾ ਵਿਖੇ ਤਾਇਨਾਤ ਐੱਸਪੀ ਤਰੁਨ ਰਤਨ ਅਤੇ ਡੀਐਸਪੀ ਸੁੱਖ ਅੰਮ੍ਰਿਤ ਸਿੰਘ ਰੰਧਾਵਾ ਆਪਣੀ ਟੀਮ ਨਾਲ ਖੰਨਾ ਤੋਂ ਅੰਮ੍ਰਿਤਸਰ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨ ਲਈ ਪਹੁੰਚੇ ਸਨ। ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਤੋਂ ਪੁਲਿਸ ਇੱਥੇ ਨਸ਼ਾ ਤਸਕਰੀ ਦੇ ਮਾਮਲਿਆਂ ‘ਚ ਬਰਾਮਦ ਕੀਤੇ ਨਸ਼ੀਲੇ ਪਦਾਰਥ ਨਸ਼ਟ ਕਰਨ ਲਈ ਆਉਂਦੀ ਹੈ। ਇੱਥੇ ਬੁਆਇਲਰਾਂ ਅਤੇ ਭੱਠੀਆਂ ਵਿੱਚ ਅਫੀਮ, ਭੁੱਕੀ, ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥ ਨਸ਼ਟ ਕੀਤੇ ਜਾਂਦੇ ਹਨ।

ਜਦੋਂ ਖੰਨਾ ਪੁਲਿਸ ਅੰਮ੍ਰਿਤਸਰ ਦੀ ਪੇਪਰ ਮਿੱਲ ਵਿਖੇ ਨਸ਼ੀਲੇ ਪਦਾਰਥ ਨਸ਼ਟ ਕਰ ਰਹੀ ਸੀ ਤਾਂ ਦੱਸਿਆ ਜਾ ਰਿਹਾ ਹੈ ਕਿ ਬੁਆਇਲਰ ਫਟ ਗਿਆ। ਦੋਵੇਂ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ।