International

ਸੁਡਾਨ ਨੇ ਸੋਸ਼ਲ ਮੀਡੀਆ ‘ਤੇ ਅਸਥਾਈ ਤੌਰ ‘ਤੇ ਪਾਬੰਦੀ ਲਗਾਈ

Social Media Ban:ਅੱਜ ਦੇ ਯੁੱਗ ਵਿੱਚ ਸੋਸ਼ਲ ਮੀਡੀਆ ਇੱਕ ਅਜਿਹਾ ਮਾਧਿਅਮ ਬਣ ਗਿਆ ਹੈ ਜੋ ਨਾ ਸਿਰਫ਼ ਸਾਨੂੰ ਜੋੜਦਾ ਹੈ ਬਲਕਿ ਸਾਨੂੰ ਆਪਣੇ ਵਿਚਾਰ ਪ੍ਰਗਟ ਕਰਨ ਅਤੇ ਸੁਣੇ ਜਾਣ ਲਈ ਇੱਕ ਪਲੇਟਫਾਰਮ ਵੀ ਦਿੰਦਾ ਹੈ। ਪਰ ਕੀ ਹੁੰਦਾ ਹੈ ਜਦੋਂ ਇਸ ਮਾਧਿਅਮ ‘ਤੇ ਪਾਬੰਦੀ ਲਗਾਈ ਜਾਂਦੀ ਹੈ?

ਦੱਖਣੀ ਸੁਡਾਨ ਵਿੱਚ ਵੀ ਕੁਝ ਅਜਿਹਾ ਹੀ ਹੋਇਆ ਹੈ। ਹੋਇਆ ਇਹ ਹੈ ਕਿ ਇੱਥੋਂ ਦੀ ਸਰਕਾਰ ਨੇ ਹਿੰਸਾ ਨਾਲ ਸਬੰਧਤ ਵੀਡੀਓਜ਼ ਅਤੇ ਤਸਵੀਰਾਂ ਨੂੰ ਰੋਕਣ ਲਈ ਸੋਸ਼ਲ ਮੀਡੀਆ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਸਰਕਾਰੀ ਬਿਆਨ ਵਿੱਚ ਇਹ ਜ਼ਿਕਰ ਕੀਤਾ ਗਿਆ ਹੈ ਕਿ ਇਹ ਪਾਬੰਦੀ ਅਸਥਾਈ ਹੈ। ਪਰ ਇਹ ਸਮਝਣਾ ਜ਼ਰੂਰੀ ਹੈ ਕਿ ਅਜਿਹਾ ਕਿਉਂ ਹੋਇਆ।

ਸੂਡਾਨ ਵਿਚ ਦੱਖਣੀ ਸੂਡਾਨੀ ਨਾਗਰਿਕਾਂ ਵਿਰੁਧ ਚੱਲ ਰਹੀ ਹਿੰਸਾ ਨਾਲ ਸਬੰਧਤ ਵੀਡੀਉ ਸਮੱਗਰੀ ਦੇ ਫੈਲਣ ’ਤੇ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਦੱਖਣੀ ਸੂਡਾਨੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਦੂਰਸੰਚਾਰ ਵਿਭਾਗ ਨੂੰ 30 ਦਿਨਾਂ ਲਈ ਸੋਸ਼ਲ ਮੀਡੀਆ ਨੂੰ ਬਲਾਕ ਕਰਨ ਦਾ ਹੁਕਮ ਦਿਤਾ।

ਨੈਸ਼ਨਲ ਕਮਿਊਨੀਕੇਸ਼ਨ ਅਥਾਰਟੀ (ਐਨ.ਸੀ.ਏ) ਵਲੋਂ ਦੂਰਸੰਚਾਰ ਕੰਪਨੀਆਂ ਨੂੰ ਦਿਤੇ ਗਏ ਨਿਰਦੇਸ਼ਾਂ ਅਨੁਸਾਰ ਇਹ ਅਸਥਾਈ ਪਾਬੰਦੀ ਵੀਰਵਾਰ ਅੱਧੀ ਰਾਤ ਤੋਂ ਲਾਗੂ ਹੋਵੇਗੀ। ਇਸਨੂੰ 90 ਦਿਨਾਂ ਤਕ ਵਧਾਇਆ ਜਾ ਸਕਦਾ ਹੈ। ਨਿਰਦੇਸ਼ ਇਸ ਗੱਲ ’ਤੇ ਜ਼ੋਰ ਦਿੰਦਾ ਹੈ ਕਿ ਇਹ ਕਦਮ ਜਨਤਾ ਦੀ ਸੁਰੱਖਿਆ ਲਈ ਜ਼ਰੂਰੀ ਹੈ।

ਐਨ.ਸੀ.ਏ ਨੇ ਕਿਹਾ, ‘ਸਥਿਤੀ ਕਾਬੂ ਵਿਚ ਆਉਣ ਤੋਂ ਬਾਅਦ ਪਾਬੰਦੀ ਹਟਾਈ ਜਾ ਸਕਦੀ ਹੈ। ਇਹ ਪ੍ਰਸਾਰਣ ਸਮੱਗਰੀ ਸਾਡੇ ਸਥਾਨਕ ਕਾਨੂੰਨਾਂ ਦੀ ਉਲੰਘਣਾ ਕਰਦੀ ਹੈ ਅਤੇ ਜਨਤਕ ਸੁਰੱਖਿਆ ਅਤੇ ਮਾਨਸਿਕ ਸਿਹਤ ਲਈ ਗੰਭੀਰ ਖ਼ਤਰਾ ਪੈਦਾ ਕਰਦੀ ਹੈ।’