Punjab Religion

ਮੌਜੂਦਾ ਪੰਥਕ ਮਸਲਿਆਂ ਨੂੰ ਲੈ ਕੇ ਪੰਥਕ ਸੇਵਾ ਜਥਾ ਦੁਆਬਾ ਵੱਲੋਂ ਸੰਵਾਦ ਯਾਤਰਾ ਸ਼ੁਰੂ

2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਉੱਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਮੁੱਚੀ ਆਗੂ ਜਮਾਤ ਨੇ ਲੰਘੇ ਸਮੇਂ ਦਾ ਦੌਰਾਨ ਪੰਜਾਬ ਅਤੇ ਪੰਥ ਹਿਤ ਹੋਏ ਗੁਨਾਹਾਂ ਚ ਆਪਣੀ ਸ਼ਮੂਲੀਅਤ ਨੂੰ ਮੰਨ ਲਿਆ ਸੀ। ਇਸ ਮਗਰੋਂ ਕਈ ਹੁਕਮ ਜਾਰੀ ਹੋਏ ਪਾਰ ਉਹਨਾਂ ਨੂੰ ਸਮੁਚੇ ਤੌਰ ਤੇ ਮੰਨਣ ਦੀ ਬਜਾਏ ਉਹਨਾਂ ਵਿਚੋਂ ਕੁਝ ਮੁਖ ਆਦੇਸ਼ਾਂ ਨੂੰ ਅਣਦੇਖਿਆ ਕਰਨ ਦੇ ਇਲਜ਼ਾਮ ਅਕਾਲੀ ਦਲ ਉੱਤੇ ਲੱਗਣ ਲੱਗੇ ਜਿਸ ਕਾਰਨ ਪੰਥਕ ਸਫ਼ਾਂ ਚ ਅਕਾਲੀ ਦਲ ਦੀ ਮੁੜ ਸੁਰਜੀਤੀ ਸੰਕਟ ਵਿੱਚ ਆ ਗਈ।

ਜਿਸ ਤਰੀਕੇ ਦੇ ਤਸਵੀਰ ਮਾਘੀ ਮੌਕੇ ਹੋਈਆਂ ਪੰਥਕ ਕਾਨਫਰੰਸਾਂ ਵਿਚ ਬਣੀ ਉਸ ਤੋਂ ਸਾਫ ਤੌਰ ਤੇ ਪੰਥ ਅਤੇ ਸਿੱਖ ਭਾਈਚਾਰਾ ਆਪਸ ਵਿਚ ਇਕੱਤਰ ਹੋਣ ਦੀ ਬਜਾਏ ਪਾੜਦਾ ਦਿਖਾਈ ਦਿੱਤਾ। ਖਾਲਸਾ ਪੰਥ ਵਿਚ ਇਕਸੁਰਤਾ ਦੀ ਬਜਾਏ ਵੱਖ-ਵੱਖਤਾ ਵਧ ਗਈ ਜੋ ਕਿ ਸਮੁਚੇ ਪੰਜਾਬ ਅਤੇ ਪੰਜਾਬੀਅਤ ਦੇ ਲਈ ਠੀਕ ਨਹੀਂ ਜਾਪ ਰਹੀ। ਇਸ ਦੇ ਸੰਬੰਧ ਵਿੱਚ ਸ੍ਰੀ ਅਕਾਲ ਤਖ਼ਤ ਦੀ ਸਰਬਉੱਚਤਾ ਨੂੰ ਮੁੜ ਬਹਾਲ ਕਰਨਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਖੁਦਮੁਖਤਿਆਰੀ ਨੂੰ ਮਜ਼ਬੂਤ ਕਰਨਾ, ਅਸਲ ਅਕਾਲੀ ਰਾਜਨੀਤੀ ਦੀ ਪੁਨਰ-ਸੁਰਜੀਤੀ ਲਈ ਖੇਤਰੀ ਪਾਰਟੀ ਦੀ ਉਸਾਰੀ ਕਰਨ ਅਤੇ ਖ਼ਾਲਸਾ ਪੰਥ ਦੇ ਵੱਖ-ਵੱਖ ਜਥਿਆਂ ਅਤੇ ਸੰਸਥਾਵਾਂ ਵਿੱਚ ਤਾਲਮੇਲ ਅਤੇ ਏਕਤਾ ਸਥਾਪਤ ਕਰਨ ਵਰਗੇ ਵੱਡੇ ਮਕਸਦ ਲੈ ਕੇ ਪੰਥ ਸੇਵਕ ਜਥਾ ਦੋਆਬਾ ਵਲੋਂ 2 ਮਾਘ ਵਾਲੇ ਦਿਨ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਤੋਂ ਅਰਦਾਸ ਕਰਕੇ ਇੱਕ ਸੰਵਾਦ ਯਾਤਰਾ ਸ਼ੁਰੂ ਕੀਤੀ ਗਈ।

ਟੀਚਾ ਹੈ ਕਿ ਇਸ ਯਾਤਰਾ ਦੌਰਾਨ ਵੱਖ-ਵੱਖ ਸਿੱਖ ਆਗੂਆਂ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਮੌਜੂਦਾ ਸੰਕਟ ਦਾ ਹੱਲ ਲੱਭਣ ਲਈ ਸੰਵਾਦ ਰਚਾਇਆ ਜਾਵੇਗਾ। ਯਾਤਰਾ ਦੀ ਸ਼ੁਰੂਆਤ ਅਰਦਾਸ ਨਾਲ ਹੋਈ, ਜਿਸ ਵਿੱਚ ਕਈ ਮਹੱਤਵਪੂਰਨ ਸਿੱਖ ਆਗੂ ਸ਼ਾਮਲ ਹੋਏ। ਇਸ ਵੇਲੇ ਪੰਥ ਸੇਵਕ ਜਥਾ ਦੋਆਬਾ ਦੇ ਆਗੂ ਮਨਧੀਰ ਸਿੰਘ ਹੋਰਾਂ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ।