ਬਿਉਰੋ ਰਿਪੋਰਟ – ਮਾਘੀ ਮੇਲੇ ਦੇ ਆਖਰੀ ਦਿਨ 40 ਮੁਕਤਿਆਂ ਦੀ ਯਾਦ ਵਿਚ ਅੱਜ ਪੰਜ ਪਿਆਰਿਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਸ਼ਹਿਰ ਦੇ ਵਿਚ ਵੱਖ-ਵੱਖ ਪੜਾਅ ਕਰਦਾ ਹੋਇਆ ਗੁਰਦੁਆਰਾ ਟਿੱਬੀ ਸਾਹਿਬ ਪਹੁੰਚਿਆ। ਇਸ ਉਪਰੰਤ ਨਗਰ ਕੀਰਤਨ ਵਾਪਸ ਗੁਰਦੁਆਰਾ ਟੁੱਟੀ ਗੰਢੀ ਜਾ ਕੇ ਸਮਾਪਤ ਹੋਵੇਗਾ। ਨਿਹੰਗ ਸਿੰਘਾਂ ਵੱਲੋਂ ਅੱਜ ਮੁਹੱਲਾ ਵੀ ਕੱਢਿਆ ਜਾਵੇਗਾ। ਗੁ. ਟਿੱਬੀ ਸਾਹਿਬ ਦੇ ਨਾਲ ਗਰਾਉਂਡ ਦੇ ਵਿੱਚ ਨਿਹੰਗ ਜਥੇਬੰਦੀਆਂ ਮੁਹੱਲਾ ਕੱਢਣਗੀਆਂ। ਇਸ ਮੌਕੇ ਭਾਰੀ ਗਿਣਤੀ ਵਿਚ ਸੰਗਤਾਂ ਨੇ ਨਗਰ ਕੀਰਤਨ ਵਿਚ ਹਾਜ਼ਰੀ ਭਰੀ। ਦੱਸ ਦੇਈਏ ਕਿ ਇਸ ਇਤਿਹਾਸਿਕ ਅਸਥਾਨ ਸ੍ਰੀ ਮੁਕਤਸਰ ਸਾਹਿਬ ਦਾ ਪਹਿਲਾ ਨਾਮ ਖਿਦਰਾਣਾ ਸੀ, ਇਸ ਸਥਾਨ ‘ਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਨਾਲ ਆਖਰੀ ਜੰਗ ਲੜੀ ਸੀ। ਇਸ ਭਿਆਨਕ ਜੰਗ ਦੇ ਵਿੱਚ ਗੁਰੂ ਸਾਹਿਬ ਨੂੰ ਬੇਦਾਵਾ ਦੇ ਕੇ ਜਾਣ ਵਾਲੇ 40 ਸਿੰਘਾਂ ਨੇ ਵੀ ਸ਼ਹੀਦੀ ਪਾਈ। ਇਹਨਾਂ 40 ਸਿੰਘਾਂ ਦੇ ਮੁਖੀ ਭਾਈ ਮਹਾਂ ਸਿੰਘ ਦੀ ਬੇਨਤੀ ‘ਤੇ ਗੁਰੂ ਸਾਹਿਬ ਨੇ ਬੇਦਾਵਾ ਪਾੜਿਆ ਸੀ ਤੇ ਇਹਨਾਂ 40 ਸਿੰਘਾਂ ਦੀ ਟੁੱਟੀ ਗੰਢ ਕੇ 40 ਮੁਕਤਿਆਂ ਦਾ ਖਿਤਾਬ ਬਖ਼ਸ਼ਿਆ ਸੀ ਜਿਹਨਾਂ ਦੀ ਯਾਦ ‘ਚ ਮਾਘੀ ਦਾ ਇਤਿਹਾਸਿਕ ਦਿਹਾੜਾ ਮਨਾਇਆ ਜਾਂਦਾ ਹੈ।
ਇਹ ਵੀ ਪੜ੍ਹੋ – ਬਾਪੂ ਸੂਰਤ ਸਿੰਘ ਦੇ ਅਕਾਲ ਚਲਾਣਾ ਕਰ ਜਾਣ ’ਤੇ ਗਿਆਨੀ ਰਘਬੀਰ ਸਿੰਘ ਸਮੇਤ SGPC ਪ੍ਰਧਾਨ ਕੀਤਾ ਦੁੱਖ ਪ੍ਰਗਟ