Punjab Religion

ਵਰਕਿੰਗ ਕਮੇਟੀ ਵੱਲੋਂ ਸੁਖਬੀਰ ਬਾਦਲ ਦਾ ਅਸਤੀਫਾ ਪ੍ਰਵਾਨ

ਲੰਘੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ। ਇਸ ਦੇ ਨਾਲ ਹੀ ਪਾਰਟੀ ਪ੍ਰਧਾਨ ਵਜੋਂ ਸੇਵਾਵਾਂ ਲਈ ਸੁਖਬੀਰ ਬਾਦਲ ਦਾ ਧੰਨਵਾਦ ਵੀ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਪਾਰਟੀ ਦਫਤਰ ਵਿੱਚ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਹੈ। ਮੀਟਿੰਗ ਵਿੱਚ ਵੱਖ ਵੱਖ ਮੁੱਦਿਆਂ ਉਤੇ ਚਰਚਾ ਵੀ ਕੀਤੀ ਗਈ।

ਅਕਾਲੀ ਦਲ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕੀਤੀ। ਪ੍ਰਧਾਨ ਦੇ ਅਹੁਦੇ ਲਈ ਚੋਣਾਂ 1 ਮਾਰਚ ਨੂੰ ਹੋਣਗੀਆਂ। ਗੁਲਜ਼ਾਰ ਸਿੰਘ ਰਣੀਕੇ ਨੂੰ ਮੁੱਖ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਮੈਂਬਰਸ਼ਿਪ ਮੁਹਿੰਮ 20 ਜਨਵਰੀ ਤੋਂ 20 ਫਰਵਰੀ ਤੱਕ ਸ਼ੁਰੂ ਕੀਤੀ ਜਾਵੇਗੀ। 25 ਲੱਖ ਮੈਂਬਰਸ਼ਿਪ ਦਾ ਟੀਚਾ ਰੱਖਿਆ ਗਿਆ ਹੈ।

ਸੁਖਬੀਰ ਸਿੰਘ ਬਾਦਲ ਵੱਲੋਂ 16 ਨਵੰਬਰ 2024 ਨੂੰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂਨੂੰ ਪ੍ਰਧਾਨ ਬਣਿਆ ਪੰਜਾਬ ਸਾਲ ਹੋ ਚੁੱਕੇ ਸਨ। ਮੇਰੇ ਵੱਲੋਂ ਪਾਰਟੀ ਦੇ ਹੱਕ ਅਤੇ ਤਰੱਕੀ ਦੇ ਲਈ ਜੋ ਕੁੱਝ ਵੀ ਹੋ ਸਕਦਾ ਸੀ, ਉਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਸ ਦਿਨ ਮੈਨੂੰ ਪ੍ਰਧਾਨ ਬਣਿਆ 5 ਸਾਲ ਪੂਰੇ ਹੋ ਚੁੱਕੇ ਸਨ ਤਾਂ ਮੈਂ ਆਪਣਾ ਮੰਨ ਬਣਾ ਲਿਆ ਸੀ ਕਿ ਆਪਣੇ ਜ਼ਿੰਮੇਵਾਰ ਤੋਂ ਮੁਕਤ ਹੋਣਾ ਹੈ। ਅਤੇ ਆਪਣਾ ਅਸਤੀਫਾ ਵਰਕਿੰਗ ਕਮੇਟੀ ਨੂੰ ਭੇਜ ਦਿੱਤਾ ਸੀ। ਉਸ ਵੇਲੇ ਕੁੱਝ ਕਾਰਨਾਂ ਕਰਕੇ ਅਸਤੀਫਾ ਮੰਨਜੂਰ ਨਹੀਂ ਹੋ ਸਕਿਆ ਸੀ। ਇਸ ਲਈ ਅੱਜ ਮੈਂ ਵਿਸ਼ੇਸ਼ ਤੌਰ ਉੱਤੇ ਮੀਟਿੰਗ ਵਿੱਚ ਆਇਆ ਸੀ ਕਿ ਮੇਰਾ ਅਸਤੀਫਾ ਮੰਨਜੂਰ ਕੀਤਾ ਜਾਵੇ ਅਤੇ ਪਾਰਟੀ ਨਵੀਂ ਲੀਡਰਸ਼ਿੱਪ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰ ਨਵੇਂ ਪ੍ਰਧਾਨ ਦੀ ਚੋਣ ਕਰੇ।

ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ 2008 ਵਿੱਚ ਪ੍ਰਧਾਨਗੀ ਸੰਭਾਲੀ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਬਣੇ ਸਨ ਨੇ ਬਾਗੀ ਧੜੇ ਵੱਲੋਂ ਲਗਾਏ ਗਏ ਦੋਸ਼ਾਂ ਤੋਂ ਬਾਅਦ 16 ਨਵੰਬਰ ਨੂੰ ਪ੍ਰਧਾਨ ਵਜੋਂ ਅਸਤੀਫ਼ਾ ਦੇ ਦਿੱਤਾ ਸੀ ਪਰ ਇਹ ਅਸਤੀਫ਼ਾ ਅਜੇ ਤਾਂਈਂ ਮਨਜ਼ੂਰ ਨਹੀਂ ਸੀ ਹੋਇਆ ਹਾਲਾਂਕਿ 2 ਦਸੰਬਰ ਨੂੰ ਅਕਾਲ ਤਖ਼ਤ ਦੀ ਫ਼ਸੀਲ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਸੁਣਾਏ ਫ਼ੈਸਲੇ ਦੇ ਹਿੱਸੇ ਵਜੋਂ ਇਹ ਕਿਹਾ ਗਿਆ ਸੀ ਕਿ 3 ਦਿਨਾਂ ਦੇ ਅੰਦਰ ਅੰਦਰ ਹੀ ਅਸਤੀਫ਼ਾ ਦੇ ਚੁੱਕੇ ਅਕਾਲੀ ਆਗੂਆਂ ਦੇ ਅਸਤੀਫ਼ੇ ਮਨਜ਼ੂਰ ਕੀਤੇ ਜਾਣ।

ਇਸੇ ਦੌਰਾਨ ਆਪਣੇ ਅਸਤੀਫ਼ੇ ਦੇ ਨਾਲ ਹੀ  ਸੁਖ਼ਬੀਰ ਸਿੰਘ ਬਾਦਲ ਨੇ ਬਲਵਿੰਦਰ ਸਿੰਘ ਭੂੰਦੜ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਥਾਪ ਦਿੱਤਾ ਸੀ।

ਸੁਖਬੀਰ ਸਿੰਘ ਬਾਦਲ ਨੇ ਆਪਣੇ ਸਿਆਸੀ ਕੈਰੀਅਰ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹਿਣ ਦੇ ਨਾਲ ਨਾਲ ਰਾਜ ਦੇ ਉਪ-ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ, ਕੇਂਦਰ ਵਿੱਚ ਰਾਜ ਮੰਤਰੀ, ਰਾਜ ਸਭਾ ਮੈਂਬਰ, ਲੋਕ ਸਭਾ ਮੈਂਬਰ ਅਤੇ ਤਿੰਨ ਵਾਰ ਵਿਧਾਇਕ ਰਹੇ।