India

ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਨਿਵਾਸ ‘ਚ ਦਾਖਲ ਹੋਣ ਤੋਂ ਰੋਕਿਆ, ਧਰਨੇ ‘ਤੇ ਬੈਠੇ ਬਾਹਰ

ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਅਤੇ ‘ਆਪ’ ਸੰਸਦ ਮੈਂਬਰ ਸੰਜੇ ਸਿੰਘ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਪਹੁੰਚੇ, ਜਿੱਥੇ ਪੁਲਿਸ ਬੈਰੀਕੇਡਿੰਗ ਲਗਾਈ ਗਈ ਹੈ ਅਤੇ ਵੱਡੀ ਸੁਰੱਖਿਆ ਤਾਇਨਾਤ ਕੀਤੀ ਗਈ ਹੈ। ਕੱਲ੍ਹ ਭਾਜਪਾ ਦੇ ‘ਸ਼ੀਸ਼ ਮਹਿਲ’ ਦੇ ਦੋਸ਼ਾਂ ਅਤੇ ਇਸ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ ਸੰਜੇ ਸਿੰਘ ਨੇ ਭਾਜਪਾ ਨੂੰ ਮੀਡੀਆ ਕਰਮਚਾਰੀਆਂ ਦੇ ਨਾਲ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਜਾਣ ਦੀ ਚੁਣੌਤੀ ਦਿੱਤੀ ਸੀ। ਇਥੇ ਪੁੱਜਣ ’ਤੇ ਸੰਜੇ ਸਿੰਘ ਨੂੰ ਪੁਲਿਸ ਵਲੋਂ ਰੋਕ ਦਿੱਤਾ ਗਿਆ, ਜਿਥੇ ਕਿ ਆਪ ਆਗੂਆਂ ਦੀ ਪੁਲਿਸ ਅਧਿਕਾਰੀਆਂ ਨਾਲ ਬਹਿਸ ਹੋ ਗਈ ।

ਸੰਜੇ ਸਿੰਘ ਅਤੇ ਦਿੱਲੀ ਸਰਕਾਰ ਦੇ ਮੰਤਰੀ ਸੌਰਭ ਭਾਰਦਵਾਜ ਦਿੱਲੀ ਦੇ 6 ਫਲੈਗ ਸਟਾਫ ਰੋਡ ਸਥਿਤ ਮੁੱਖ ਮੰਤਰੀ ਨਿਵਾਸ ਦੇ ਬਾਹਰ ਧਰਨੇ ‘ਤੇ ਬੈਠੇ ਹਨ।

ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਇਸ ਦੇ ਬਾਹਰ ਧਰਨੇ ‘ਤੇ ਬੈਠ ਗਏ। ਦਰਅਸਲ, ਆਮ ਆਦਮੀ ਪਾਰਟੀ ਦੇ ਆਗੂ ਪੱਤਰਕਾਰਾਂ ਨਾਲ ਅਰਵਿੰਦ ਕੇਜਰੀਵਾਲ ਦੀ ਸਾਬਕਾ ਸਰਕਾਰੀ ਰਿਹਾਇਸ਼ ਦਿਖਾਉਣ ਪਹੁੰਚੇ ਸਨ।

ਆਮ ਆਦਮੀ ਪਾਰਟੀ ਨੇ ਕਿਹਾ ਹੈ, “ਭਾਜਪਾ ਨੇਤਾਵਾਂ ਨੂੰ ਮੀਡੀਆ ਦੇ ਨਾਲ ਕੇਜਰੀਵਾਲ ਦੇ ਸਾਬਕਾ ਮੁੱਖ ਮੰਤਰੀ ਨਿਵਾਸ ‘ਤੇ ਆਉਣਾ ਚਾਹੀਦਾ ਹੈ ਅਤੇ ਦਿਖਾਉਣਾ ਚਾਹੀਦਾ ਹੈ ਕਿ ਸੋਨੇ ਦੇ ਟਾਇਲਟ ਅਤੇ ਸਵੀਮਿੰਗ ਪੂਲ ਕਿੱਥੇ ਹਨ। ਮੀਡੀਆ ਨੂੰ ਖੁਦ ਭਾਜਪਾ ਦੇ ਝੂਠ ਨੂੰ ਦੇਖਣਾ ਚਾਹੀਦਾ ਹੈ।

ਇਸ ਤੋਂ ਬਾਅਦ ਭਾਜਪਾ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਮਹਿਲ ਦਾ ਦੌਰਾ ਕਰਵਾਉਣਾ ਚਾਹੀਦਾ ਹੈ। ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ 2700 ਕਰੋੜ ਰੁਪਏ ਦੇ ‘ਰਾਜਮਹਿਲ’ ਵਿੱਚ ਰਹਿੰਦੇ ਹਨ।