ਗੁਰਦਾਸਪੁਰ : ਪਿਛਲੇ ਦਿਨੀਂ ਬਖਸ਼ੀਵਾਲਾ ਪੁਲਿਸ ਚੌਕੀ ‘ਤੇ ਹੋਏ ਗ੍ਰਨੇਡ ਹਮਲੇ ਦੇ ਦੋਸ਼ ਵਿੱਚ ਉੱਤਰ ਪ੍ਰਦੇਸ਼ ਪੁਲਿਸ ਅਤੇ ਪੰਜਾਬ ਪੁਲਿਸ ਦੇ ਇੱਕ ਸਾਂਝੇ ਆਪ੍ਰੇਸ਼ਨ ਵਿਚ ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿਚ ਪੁਲਿਸ ਵੱਲੋਂ ਅੱਤਵਾਦੀ ਦੱਸ ਦੇ ਮਾਰੇ ਗਏ ਵਰਿੰਦਰ ਸਿੰਘ, ਗੁਰਵਿੰਦਰ ਸਿੰਘ, ਜਸ਼ਨਪ੍ਰੀਤ ਸਿੰਘ ਦੀ ਅੰਤਿਮ ਅਰਦਾਸ ਕੀਤੀ ਜਾਵੇਗੀ।
ਨੌਜਵਾਨਾਂ ਦੀ ਅੰਮਿਤ ਅਰਦਾਸ ਅੱਜ ਜਿਲ੍ਹਾ ਗੁਰਦਾਸਪੁਰ ਦੇ ਕਲਾਨੌਰ ਦੇ ਸਰਾਵਾਂ ਰੋਡ ’ਤੇ ਸਥਿਤ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਕਰਵਾਈ ਜਾਵੇਗੀ। ਦੱਸ ਦਈਏ ਕਿ ਇਹ ਸਮਾਗਮ ਖ਼ਾਲਸਾ ਵਹੀਰ, ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਅਤੇ ਖਾਲੜਾ ਮਿਸ਼ਨ, ਬੀਬੀ ਪਰਮਜੀਤ ਕੌਰ ਖਾਲੜਾ ਵੱਲੋਂ ਕਰਵਾਇਆ ਜਾ ਰਿਹਾ ਹੈ।
ਦੋਵਾਂ ਜਥੇਬੰਦੀਆਂ ਵੱਲੋਂ ਕਿਹਾ ਗਿਆ ਹੈ ਕਿ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ, ਜਥੇਬੰਦੀਆਂ, ਪੰਥਕ ਧਿਰਾਂ ਨੂੰ ਇਸ ਦੁੱਖ ਦੀ ਘੜੀ ਵਿੱਚ ਪਰਿਵਾਰਾਂ ਨਾਲ ਡਟ ਕੇ ਖੜ੍ਹੇ ਹੋਣ ਦੀ ਲੋੜ ਹੈ। ਆਓ ਵੱਧ ਤੋਂ ਵੱਧ ਗਿਣਤੀ ਵਿੱਚ ਸਮਾਗਮ ‘ਚ ਸ਼ਮੂਲੀਅਤ ਕਰੀਏ ਅਤੇ ਪਰਿਵਾਰਾਂ ਨਾਲ ਹਰੇਕ ਦੁੱਖ-ਸੁੱਖ ‘ਚ ਖੜ੍ਹੇ ਰਹਿਣ ਦਾ ਅਹਿਸਾਸ ਦਿਵਾਈਏ।
ਜਾਣੋ ਸਾਰਾ ਮਾਮਲਾ
ਦੱਸ ਦਈਏ ਕਿ ਲੰਘੇ ਦਿਨੀਂ ਉੱਤਰ ਪ੍ਰਦੇਸ਼ ਪੁਲਿਸ ਅਤੇ ਪੰਜਾਬ ਪੁਲਿਸ ਦੇ ਇੱਕ ਸਾਂਝੇ ਆਪ੍ਰੇਸ਼ਨ ਵਿਚ ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿਚ ਪੰਜਾਬ ਦੇ ਤਿੰਨ ਨੌਜਵਾਨਾਂ ਨੂੰ ਅੱਤਵਾਦੀ ਦੱਸ ਕੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੋਸ਼ ਲਾਇਆ ਸੀ ਕਿ ਸਾਰੇ ਮ੍ਰਿਤਕ ਕਲਾਨੌਰ ਥਾਣਾ ਖੇਤਰ ਦੇ ਵਸਨੀਕ ਹਨ ਅਤੇ ਬਖਸ਼ੀਵਾਲਾ ਪੁਲਿਸ ਚੌਕੀ ‘ਤੇ ਹੋਏ ਗ੍ਰਨੇਡ ਹਮਲੇ ‘ਚ ਕਥਿਤ ਤੌਰ ‘ਤੇ ਸ਼ਾਮਲ ਸਨ। ਪੁਲਿਸ ਨੇ ਇਨ੍ਹਾਂ ਕੋਲੋਂ ਦੋ ਏਕੇ-47 ਰਾਈਫਲਾਂ ਤੇ ਦੋ ਵਿਦੇਸ਼ੀ ਪਿਸਤੌਲ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ।