Punjab Religion

ਨਰਾਇਣ ਸਿੰਘ ਚੌੜਾ ’ਤੇ ਅੰਤਰਿਮ ਕਮੇਟੀ ਨੇ ਲਿਆ ਯੂ-ਟਰਨ, ਪੰਥ ਚੋਂ ਛੇਕਣ ਦਾ ਮਤਾ ਲਿਆ ਵਾਪਸ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦੀ ਮੀਟਿੰਗ ਖਤਮ ਹੋ ਗਈ ਹੈ। ਇਹ ਮੀਟਿੰਗ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਹੋਈ। ਇਸ ਮੀਟਿੰਗ ਵਿੱਚ ਨਰਾਇਣ ਸਿੰਘ ਚੌੜਾ ਨੂੰ ਪੰਛ ਚੋਂ ਛੇਕਣ ਦੇ ਮਾਮਲੇ ’ਤੇ ਅੰਤਰਿਮ ਕਮੇਟੀ ਨੇ ਯੂ-ਟਰਨ ਲਿਆ ਹੈ। ਕਮੇਟੀ ਨੇ ਨਰਾਇਣ ਸਿੰਘ ਚੌੜਾ ਖ਼ਿਲਾਫ਼ ਲਿਆਂਦਾ ਮਤਾ ਵਾਪਸ ਲੈ ਲਿਆ ਹੈ।

ਭਾਵੇਂ ਅਜੇ ਤੱਕ ਸ਼੍ਰੋਮਣੀ ਕਮੇਟੀ ਵਲੋਂ ਅਧਿਕਾਰਤ ਤੌਰ ’ਤੇ ਮੀਡੀਆ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਜਾਣਕਾਰੀ ਸੂਤਰਾਂ ਅਨੁਸਾਰ ਇਸ ਇਕੱਤਰਤਾ ਦੌਰਾਨ ਪਿਛਲੇ ਦਿਨੀਂ ਸੁਖਬੀਰ ਸਿੰਘ ਬਾਦਲ ’ਤੇ ਗੋਲੀ ਚਲਾਉਣ ਵਾਲੇ ਭਾਈ ਨਰਾਇਣ ਸਿੰਘ ਚੌੜਾ ਨੂੰ ਪੰਥ ਵਿਚੋਂ ਛੇਕਣ ਸੰਬੰਧੀ ਅੰਤਰਿਗ ਕਮੇਟੀ ਵਲੋਂ ਪਾਸ ਕੀਤੇ ਗਏ ਮਤੇ ਦੀ ਪੁਸ਼ਟੀ ਨਹੀਂ ਕੀਤੀ ਗਈ, ਜਿਸ ਕਾਰਨ ਇਹ ਮਤਾ ਹੁਣ ਰੱਦ ਸਮਝਿਆ ਜਾਵੇਗਾ।

ਇਸ ਦੇ ਨਾਲ ਹੀ ਪਿਛਲੇ ਦਿਨੀਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ’ਤੇ ਲੱਗੇ ਦੋਸ਼ਾਂ ਦੀ ਜਾਂਚ ਲਈ ਸ਼੍ਰੋਮਣੀ ਕਮੇਟੀ ਵਲੋਂ ਬਣਾਈ ਗਈ ਤਿੰਨ ਮੈਂਬਰੀ ਪੜਤਾਲੀਆ ਕਮੇਟੀ ਦੀ 15 ਦਿਨਾਂ ਦੀ ਨਿਰਧਾਰਤ ਕੀਤੀ ਮਿਆਦ ਵਿਚ ਇਕ ਮਹੀਨੇ ਦਾ ਹੋਰ ਵਾਧਾ ਕਰ ਦਿੱਤਾ ਗਿਆ ਹੈ। ਇਸ ਮੀਟਿੰਗ ਦੇ ਅਧਿਕਾਰਤ ਅਤੇ ਹੋਰ ਵੇਰਵਿਆਂ ਦੀ ਅਜੇ ਉਡੀਕ ਹੈ।