ਬਿਉਰੋ ਰਿਪੋਰਟ – ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਨੇ ਬੀਤੇ ਦਿਨ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਵਿਚ ਆਖਰੀ ਸਾਹ ਲਏ। ਦੱਸ ਦੇਈਏ ਕਿ ਮਨਮੋਹਨ ਸਿੰਘ ਦੋ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਦੇ ਪ੍ਰਧਾਨ ਮੰਤਰੀ ਰਹਿੰਦਿਆਂ ਨਾ ਬੋਲਣ ਦੇ ਇਲਜ਼ਾਮ ਲਗਦੇ ਰਹੇ ਪਰ ਉਹ ਬਿਨ੍ਹਾਂ ਬੋਲੇ ਹੀ ਉਹ ਕਰ ਗਏ ਜੋ ਬੋਲਣ ਵਾਲੇ ਨਹੀਂ ਕਰ ਸਕੇ। ਡਾ. ਮਨਮੋਹਨ ਸਿੰਘ ਨੇ ਆਪਣੀ ਸੂਝ-ਬੂਝ ਅਤੇ ਸਿਆਣਪ ਨਾਲ ਨਾ ਸਿਰਫ ਦੀਵਾਲੀਆ ਭਾਰਤੀ ਅਰਥਚਾਰੇ ਨੂੰ ਬਾਹਰ ਕੱਢਿਆ ਸਗੋਂ ਵਿਸ਼ਵ ਲਈ ਉਦਾਰੀਕਰਨ ਦੇ ਦਰਵਾਜ਼ੇ ਖੋਲ੍ਹ ਕੇ ਭਾਰਤ ਲਈ ਵਿਸ਼ਵ ਦੀ ਆਰਥਿਕ ਮਹਾਂਸ਼ਕਤੀ ਬਣਨ ਦਾ ਰਾਹ ਪੱਧਰਾ ਕੀਤਾ। ਉਨ੍ਹਾਂ ਦੀਆਂ ਆਰਥਿਕ ਨੀਤੀਆਂ ਕਾਰਨ ਨਾ ਸਿਰਫ਼ ਦੇਸ਼ ਦੀ ਆਰਥਿਕਤਾ ਤੇਜ਼ੀ ਨਾਲ ਵਧੀ ਸਗੋਂ ਆਮ ਲੋਕਾਂ ਦੇ ਜੀਵਨ ਵਿੱਚ ਵੀ ਵੱਡਾ ਬਦਲਾਅ ਆਇਆ। ਲੋਕਾਂ ਲਈ ਰੁਜ਼ਗਾਰ ਦੇ ਮੌਕੇ ਵਧੇ ਅਤੇ ਆਮਦਨ ਵਧੀ। ਮਨਮੋਹਨ ਸਿੰਘ ਦੀਆਂ ਨੀਤੀਆਂ ਨੇ ਨਾ ਸਿਰਫ਼ ਭਾਰਤ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਵਿੱਚ ਮਦਦ ਕੀਤੀ ਸਗੋਂ ਇਨਕਲਾਬੀ ਸਮਾਜਿਕ ਅਤੇ ਢਾਂਚਾਗਤ ਸੁਧਾਰ ਵੀ ਕੀਤੇ। ਆਓ ਜਾਣਦੇ ਹਾਂ ਮਨਮੋਹਨ ਸਿੰਘ ਨੂੰ ਆਉਣ ਵਾਲੀਆਂ ਪੀੜ੍ਹੀਆਂ ਕਿਹੜੇ ਕੰਮਾਂ ਲਈ ਯਾਦ ਰੱਖਣਗਿਆਂ।
1. ਆਰਥਿਕ ਉਦਾਰੀਕਰਨ (1991) – ਮਨਮੋਹਨ ਸਿੰਘ ਨੇ 1991 ਵਿਚ ਵਿੱਤ ਮੰਤਰੀ ਬਣਾਇਆ ਗਿਆ। ਉਨ੍ਹਾਂ ਆਪਣੀ ਮਿਹਨਤ ਦੇ ਨਾਲ ਭਾਰਤ ਦੀ ਆਰਥਿਕਤਾ ਨੂੰ ਉਦਾਰੀਕਰਨ, ਨਿੱਜੀਕਰਨ ਅਤੇ ਵਿਸ਼ਵੀਕਰਨ ਦੀ ਦਿਸ਼ਾ ਵਿੱਚ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਈ। ਉਸਨੇ ਆਯਾਤ-ਨਿਰਯਾਤ ਨੀਤੀ ਵਿੱਚ ਸੁਧਾਰ ਕੀਤਾ ਅਤੇ ਵਿਦੇਸ਼ੀ ਨਿਵੇਸ਼ ਨੂੰ ਉਤਸ਼ਾਹਿਤ ਕੀਤਾ। ਇਸ ਕਾਰਨ ਭਾਰਤ ਵਿੱਚ ਰੁਜ਼ਗਾਰ ਦੇ ਮੌਕੇ ਵਧੇ ਅਤੇ ਲੋਕਾਂ ਦੀ ਆਮਦਨ ਵਿੱਚ ਵੱਡਾ ਵਾਧਾ ਹੋਇਆ। ਇਸ ਨਾਲ ਭਾਰਤ ਨੂੰ ਵੱਡਾ ਲਾਭ ਮਿਲਿਆ ਹੈ ਅਤੇ ਦੇਸ਼ ਦੀ ਤਕਦੀਰ ਬਦਲ ਗਈ।
2. ਮਨਰੇਗਾ (2005) – ਅੱਜ ਜੋ ਦੇਸ਼ ਵਿਚ ਮਨਰੇਗਾ ਦਾ ਲਾਭ ਲੋਕਾਂ ਨੂੰ ਮਿਲ ਰਿਹਾ ਹੈ, ਇਸ ਵੀ ਡਾਕਟਰ ਮਨਮੋਹਨ ਸਿੰਘ ਦੀ ਹੀ ਦੇਣ ਹੈ। ਮਨਮੋਹਨ ਸਿੰਘ ਦੀ ਸਰਕਾਰ ਨੇ 2005 ਵਿੱਚ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ (ਮਨਰੇਗਾ) ਪੇਸ਼ ਕੀਤਾ ਸੀ। ਇਸ ਨਾਲ ਸਾਲ ਵਿਚ ਕਰੀਬ 100 ਦਿਨ ਰੁਜ਼ਗਾਰ ਦਿੱਤਾ ਜਾ ਰਿਹਾ ਹੈ।
3. ਸੂਚਨਾ ਦਾ ਅਧਿਕਾਰ (ਆਰ.ਟੀ.ਆਈ.) (2005) – ਮਨਮੋਹਨ ਸਿੰਘ ਦੀ ਸਰਕਾਰ ਨੇ ਸੂਚਨਾ ਦਾ ਅਧਿਕਾਰ ਕਾਨੂੰਨ ਲਾਗੂ ਕੀਤਾ, ਜਿਸ ਨੇ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਇਆ। ਇਸ ਦੇ ਤਹਿਤ ਹੀ ਅੱਜ ਕੋਈ ਵੀ ਆਰਟੀਆਈ ਪਾ ਕੇ ਸਰਕਾਰ ਕੋਲੋੋ ਉਹ ਜਾਣਕਾਰੀ ਲੈ ਸਕਦਾ ਹੈ ਜੋ ਦੇਸ਼ ਨੂੰ ਨੁਕਸਾਨ ਨਾ ਪਹੁੰਚਾਉਂਦੀ ਹੋਵੇ।
4. ਪ੍ਰਮਾਣੂ ਸੌਦਾ (2008) – ਮਨਮੋਹਨ ਸਿੰਘ ਨੇ 2008 ਵਿੱਚ ਅਮਰੀਕਾ ਨਾਲ ਇਤਿਹਾਸਕ ਭਾਰਤ-ਅਮਰੀਕਾ ਸਿਵਲ ਪਰਮਾਣੂ ਸਮਝੌਤੇ ‘ਤੇ ਦਸਤਖਤ ਕੀਤੇ, ਜਿਸ ਨੇ ਭਾਰਤ ਨੂੰ ਵਿਸ਼ਵ ਪ੍ਰਮਾਣੂ ਬਾਜ਼ਾਰ ਵਿੱਚ ਦਾਖਲ ਹੋਣ ਅਤੇ ਊਰਜਾ ਸੰਕਟ ਨਾਲ ਨਜਿੱਠਣ ਵਿੱਚ ਮਦਦ ਕੀਤੀ। ਦੱਸ ਦੇਈਏ ਕਿ ਇਸ ਸਮਝੌਤੇ ਨੂੰ ਸਿਰੇ ਚਾੜਨ ਲਈ ਡਾ. ਮਨਮੋਹਨ ਸਿੰਘ ਨੇ ਸਰਕਾਰ ਨੂੰ ਸਮਰਥਨ ਦੇ ਰਹੀ ਪਾਰਟੀਆਂ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਜੇਕਰ ਉਹ ਸਰਕਾਰ ਤੋਂ ਸਮਰਥਨ ਵਾਪਸ ਲੈਣਾ ਚਾਹੁੰਦੇ ਹਨ ਤਾਂ ਲੈ ਸਕਦੇ ਹਨ ਪਰ ਉਹ ਇਸ ਨੂੰ ਸਿਰੇ ਚਾੜ ਕੇ ਹੀ ਰਹਿਣਗੇ।
5. ਆਧਾਰ ਸਕੀਮ (2009) – ਆਧਾਰ ਯੋਜਨਾ ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ ਸ਼ੁਰੂ ਕੀਤੀ ਗਈ ਸੀ, ਜਿਸ ਦਾ ਉਦੇਸ਼ ਹਰੇਕ ਭਾਰਤੀ ਨਾਗਰਿਕ ਨੂੰ ਵਿਲੱਖਣ ਪਛਾਣ ਨੰਬਰ ਪ੍ਰਦਾਨ ਕਰਨਾ ਸੀ।
6. ਸਿੱਖਿਆ ਦਾ ਅਧਿਕਾਰ (2009) – ਮਨਮੋਹਨ ਸਿੰਘ ਸਰਕਾਰ ਨੇ ਬੱਚਿਆਂ ਦਾ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਕਾਨੂੰਨ ਲਾਗੂ ਕੀਤਾ, ਜਿਸ ਨੇ ਸਾਰੇ ਬੱਚਿਆਂ ਨੂੰ ਸਿੱਖਿਆ ਦਾ ਅਧਿਕਾਰ ਦਿੱਤਾ।
7. ਭਾਰਤ ਦੇ ਆਰਥਿਕ ਵਿਕਾਸ ਦੀ ਗਤੀ – ਉਨ੍ਹਾਂ ਦੇ ਕਾਰਜਕਾਲ ਦੌਰਾਨ ਭਾਰਤ ਨੇ ਆਰਥਿਕ ਵਿਕਾਸ ਦੀਆਂ ਉੱਚੀਆਂ ਦਰਾਂ ਦਰਜ ਕੀਤੀਆਂ। 2004-2008 ਦਰਮਿਆਨ ਭਾਰਤ ਦੀ ਜੀਡੀਪੀ ਵਿਕਾਸ ਦਰ 8% ਤੋਂ ਵੱਧ ਸੀ।
8. ਮਹਿਲਾ ਰਿਜ਼ਰਵੇਸ਼ਨ ਅਤੇ ਸਸ਼ਕਤੀਕਰਨ- ਮਨਮੋਹਨ ਸਿੰਘ ਸਰਕਾਰ ਨੇ ਔਰਤਾਂ ਨੂੰ 33% ਰਾਖਵਾਂਕਰਨ ਦੇਣ ਲਈ ਲੋਕ ਸਭਾ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਪੇਸ਼ ਕੀਤਾ।
9. ਪੰਚਾਇਤੀ ਰਾਜ ਅਤੇ ਪੇਂਡੂ ਵਿਕਾਸ
ਮਨਮੋਹਨ ਸਿੰਘ ਨੇ ਪੇਂਡੂ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਭਾਰਤ ਨਿਰਮਾਣ ਯੋਜਨਾ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਸੜਕਾਂ, ਬਿਜਲੀ ਅਤੇ ਪਾਣੀ ਦੀਆਂ ਸਹੂਲਤਾਂ ‘ਤੇ ਜ਼ੋਰ ਦਿੱਤਾ ਗਿਆ।
10. ਸਮਾਜਿਕ ਅਤੇ ਸਿਹਤ ਸੁਧਾਰ
ਮਨਮੋਹਨ ਸਿੰਘ ਨੇ ਜਨਨੀ ਸੁਰੱਖਿਆ ਯੋਜਨਾ ਅਤੇ ਰਾਸ਼ਟਰੀ ਗ੍ਰਾਮੀਣ ਸਿਹਤ ਮਿਸ਼ਨ ਵਰਗੀਆਂ ਯੋਜਨਾਵਾਂ ਸ਼ੁਰੂ ਕੀਤੀਆਂ, ਜਿਨ੍ਹਾਂ ਨੇ ਮਾਵਾਂ ਦੀ ਸਿਹਤ ਅਤੇ ਪੇਂਡੂ ਸਿਹਤ ਸੇਵਾਵਾਂ ਵਿੱਚ ਸੁਧਾਰ ਕੀਤਾ।
ਡਾਕਟਰ ਮਨਮੋਹਨ ਸਿੰਘ ਨੇ ਆਪਣੇ 10 ਸਾਲਾ ਦੇ ਕਾਰਜਕਾਲ ਵਿਚ ਕਈ ਵੱਡੇ ਫੈਸਲੇ ਲਏ ਹਨ, ਜਿਨ੍ਹਾਂ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਉਸ ਸਮੇਂ ਦੇਸ਼ ਨੂੰ ਮਾੜੀ ਹਾਲਤ ਵਿਚੋਂ ਬਾਹਰ ਕੱਢਿਆ ਸੀ ਜਦੋਂ ਕੋਈ ਵੀ ਆਸ ਦੀ ਕਿਰਨ ਨਜ਼ਰ ਨਹੀਂ ਆਉਂਦੀਆਂ ਸੀ। ਉਨ੍ਹਾਂ ਦਾ ਇਸ ਦੁਨੀਆ ਤੋਂ ਤੁਰ ਜਾਣਾ ਪੂਰੇ ਭਾਰਤ ਲਈ ਵੱਡਾ ਘਾਟਾ ਹੈ।
ਇਹ ਵੀ ਪੜ੍ਹੋ – ਡਾ. ਮਨਮੋਹਨ ਸਿੰਘ ਦੇ ਦਿਹਾਂਤ ਤੇ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਨੇ ਜਤਾਇਆ ਦੁੱਖ