India Khetibadi Punjab

ਖੇਤੀ ਖਰੜੇ ਨੂੰ ਲੈ ਕੇ ਪੰਧੇਰ ਨੇ ਕੇਂਦਰ ਸਰਕਾਰ ਨੂੰ ਸੁਣੀਆਂ ਖਰੀਆX- ਖਰੀਆਂ

ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਹਰਿਆਣਾ-ਪੰਜਾਬ ਦੇ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਕੜਾਕੇ ਦੀ ਸਰਦੀ ‘ਚ ਕਿਸਾਨ ਧਰਨੇ ‘ਤੇ ਬੈਠੇ ਹਨ। ਕਿਸਾਨ ਦੋਵੇਂ ਮੋਰਚਿਆਂ ’ਤੇ ਬੈਠੇ ਨੂੰ 10 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ। ਅੱਜ ਸ਼ਾਮ 5:30 ਵਜੇ ਉਨ੍ਹਾਂ ਦੇ ਮਰਨ ਵਰਤ ਦੇ ਸਮਰਥਨ ਵਿੱਚ ਪੰਜਾਬ ਨੂੰ ਛੱਡ ਕੇ ਪੂਰੇ ਦੇਸ਼ ਵਿੱਚ ਕੈਂਡਲ ਮਾਰਚ ਕੱਢਿਆ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ 26 ਤਰੀਕ ਨੂੰ ਸਮੁੱਚੇ ਪੰਜਾਬ ਦੀਆਂ ਸਾਰੀਆਂ ਟਰੇਡ ਯੂਨੀਅਨਾਂ, ਚਾਹੇ ਉਹ ਬਿਜਲੀ ਨਾਲ ਸਬੰਧਤ ਹੋਣ, ਰੋਡਵੇਜ਼ ਨਾਲ ਸਬੰਧਤ ਹੋਣ, ਮਜ਼ਦੂਰ ਯੂਨੀਅਨਾਂ ਨਾਲ ਸਬੰਧਤ ਹੋਣ, ਉਨ੍ਹਾਂ ਸਾਰੀਆਂ ਯੂਨੀਅਨਾਂ ਦੀ ਮੀਟਿੰਗ ਬੁਲਾਈ ਹੈ।

ਪੰਧੇਰ ਨੇ ਕਿਹਾ ਕਿ ਪੰਜਾਬ ਨੂੰ ਛੱਡ ਕੇ 24 ਦਸੰਬਰ ਨੂੰ ਦੇਸ਼ ਭਰ ਵਿੱਚ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਕੈਂਡਲ ਮਾਰਚ ਕੱਢਿਆ ਜਾਵੇਗਾ ਅਤੇ 26 ਦਸੰਬਰ ਨੂੰ ਜ਼ਿਲ੍ਹਾ ਹੈੱਡਕੁਆਰਟਰ ਅਤੇ ਤਹਿਸੀਲ ਪੱਧਰ ’ਤੇ ਭੁੱਖ ਹੜਤਾਲ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਕੀਤੀ ਜਾਵੇਗੀ।

ਕੇਂਦਰ ਸਰਕਾਰ ’ਤੇ ਵਰ੍ਹਦਿਆਂ ਪੰਧੇਰ ਨੇ ਕਿਹਾ ਕਿ ਭਾਜਪਾ ਦੇ ਜਿਹੜੇ ਲੋਕ ਸਾਜ਼ਿਸ਼ਵਾਦੀ ਨੀਤੀ ‘ਤੇ ਚੱਲ ਰਹੇ ਹਨ, ਚਾਹੇ ਉਹ ਪੰਜਾਬ ਦੇ ਹੋਣ, ਦੇਸ਼ ਦੇ ਹੋਣ ਜਾਂ ਹਰਿਆਣਾ ਦੇ, ਉਨ੍ਹਾਂ ਨੇ ਨਾਗਪੁਰ ‘ਚ ਆਪਣੀ ਟਰੇਨਿੰਗ ਅਤੇ ਮੋਦੀ ਸਰਕਾਰ ਦੀ ਕਾਰਪੋਰੇਟ ਨੀਤੀ ਨੂੰ ਦੇਖਦੇ ਹੋਏ ਜਿਸ ਤਰ੍ਹਾਂ ਦੀ ਨੀਤੀ ਬਣਾਈ ਹੈ ਅਤੇ ਇਹ ਇਸੀ ਨੀਤੀ ਦੇ ਅਨੁਸਾਰ ਬਿਆਨਬਾਜ਼ੀ ਕਰਦੇ ਹਨ।

ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਨੇ ਪੂਰੇ ਦੇਸ਼ ਦੀ ਖੇਤੀ ਮੰਡੀ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦਾ ਫੈਸਲਾ ਕੀਤਾ ਹੈ, ਇਸ ਲਈ ਉਨ੍ਹਾਂ ਨੇ ਦੇਸ਼ ਭਰ ਵਿੱਚ ਰਾਜ ਸਰਕਾਰਾਂ ਖੇਤੀਬਾੜੀ ਖਰੜੇ ਭੇਜੇ ਹਨ ਤਾਂ ਜੋ ਮੰਡੀਕਰਨ ਨੂੰ ਨਿੱਜੀ ਹੱਥਾਂ ਵਿੱਚ ਯਾਨੀ ਅੰਬਾਨੀ ਅਤੇ ਅਡਾਨੀ ਦੇ ਹੱਥਾਂ ਵਿੱਚ ਦਿੱਤਾ ਜਾ ਸਕੇ।

ਪੰਧੇਰ ਨੇ ਕਿਹਾ ਕਿ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਐਮ.ਐਸ.ਪੀ ਕਾਨੂੰਨੀ ਗਾਰੰਟੀ ਦੇਣ ਤੋਂ ਭੱਜ ਰਹੀ ਹੈ ਅਤੇ ਸਰਕਾਰ ਕਿਸਾਨਾਂ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ ਹੈ। ਉਨ੍ਹਾਂ ਨੇ ਹਰਿਆਣਾ ਦੇ ਸੀਐਮ ਦੇ MSP ਗਾਰੰਟੀ ਬਾਰੇ ਦਿੱਤੇ ਗਏ ਬਿਆਨ ਤੇ ਬੋਲਦੀਆਂ ਕਿਹਾ ਕਿ CM ਸੈਣੀ ਹਰਿਆਣਾ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਕਿ ਹਰਿਆਣਾ ਸਰਕਾਰ 24 ਫਸਲਾਂ ’ਤੇ MSP ਦੇਵੇਗੀ।

ਪੰਧੇਰ ਨੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਇਹ ਅੰਦੋਲਨ ਜਾਰੀ ਰਹੇਗਾ ਅਤੇ ਇੱਕ ਦਿਨ ਤੁਹਾਨੂੰ ਕਿਸਾਨਾਂ, ਮਜ਼ਦੂਰਾਂ ਅਤੇ ਦੇਸ਼ ਦੇ 140 ਕਰੋੜ ਲੋਕਾਂ ਅੱਗੇ ਝੁਕਣਾ ਪਵੇਗਾ।